ਫਰੀਦਕੋਟ: ਜਾਇਦਾਦ ਅਤੇ ਪੈਸਿਆਂ ਨੂੰ ਲੈ ਕੇ ਪਰਿਵਾਰ ਵਿੱਚ ਚੱਲ ਰਿਹਾ ਵਿਵਾਦ ਇੱਕ ਬਜ਼ੁਰਗ ਦੀ ਮੌਤ ਦਾ ਕਾਰਨ ਬਣ ਗਿਆ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮੱਤਾ ਵਿੱਚ ਹਰਜਿੰਦਰ ਸਿੰਘ ਦਾ ਕਥਿਤ ਤੌਰ ‘ਤੇ ਉਸ ਦੇ ਪੁੱਤਰ, ਨੂੰਹ ਅਤੇ ਹੋਰ ਸਾਥੀਆਂ ਨੇ ਮਿਲ ਕੇ ਕਤਲ ਕਰ ਦਿੱਤਾ। ਸ਼ਿਕਾਇਤ ਮੁਤਾਬਕ, ਪਹਿਲਾਂ ਬਜ਼ੁਰਗ ਨੂੰ ਚਾਹ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਪਿਲਾਈਆਂ ਗਈਆਂ ਅਤੇ ਬੇਹੋਸ਼ ਹੋਣ ਮਗਰੋਂ ਪਰਨੇ ਨਾਲ ਗਲਾ ਘੁੱਟ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਪੰਜ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਮਲਾ 21 ਨਵੰਬਰ ਦੀ ਰਾਤ ਦਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਧੀ ਸੁਖਪ੍ਰੀਤ ਕੌਰ, ਜੋ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਬਰਕੰਦੀ ਦੀ ਰਹਿਣ ਵਾਲੀ ਹੈ, ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਭਰਾ ਹਰਵਿੰਦਰ ਸਿੰਘ ਉਰਫ਼ ਨਿੱਕਾ ਨੇ ਫੋਨ ਕਰਕੇ ਪਿਤਾ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਸੀ।
ਉਸ ਨੂੰ ਦੱਸਿਆ ਗਿਆ ਸੀ ਕਿ ਹਰਜਿੰਦਰ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਪਰ ਜਦੋਂ ਸੁਖਪ੍ਰੀਤ ਕੌਰ ਆਪਣੇ ਪੇਕੇ ਪਿੰਡ ਮੱਤਾ ਪਹੁੰਚੀ ਤਾਂ ਉਸ ਨੇ ਪਿਤਾ ਦੇ ਗਲੇ ‘ਤੇ ਨਿਸ਼ਾਨ ਦੇਖੇ। ਇਸ ਕਾਰਨ ਉਸ ਨੂੰ ਮੌਤ ਦੇ ਕਾਰਨਾਂ ਬਾਰੇ ਸ਼ੱਕ ਹੋਇਆ। ਉਸ ਨੇ ਆਪਣੀ ਮਾਤਾ ਸੁਖਵਿੰਦਰ ਕੌਰ ਨਾਲ ਗੱਲਬਾਤ ਕਰਨ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
ਸ਼ਿਕਾਇਤ ਅਨੁਸਾਰ, 21 ਨਵੰਬਰ ਨੂੰ ਹਰਵਿੰਦਰ ਸਿੰਘ ਦਾ ਸਾਲਾ ਚਰਨਜੀਤ ਸਿੰਘ ਵਾਸੀ ਜੈਤਸਰ ਮੰਡੀ ਵੀ ਘਰ ਆਇਆ ਹੋਇਆ ਸੀ। ਇਸ ਦੌਰਾਨ ਪਰਿਵਾਰਕ ਮਾਮਲਿਆਂ ਨੂੰ ਲੈ ਕੇ ਹਰਜਿੰਦਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਵਿਚਕਾਰ ਤਕਰਾਰ ਹੋ ਗਈ।
ਦੋਸ਼ ਹੈ ਕਿ ਇਸ ਤੋਂ ਬਾਅਦ ਹਰਵਿੰਦਰ ਸਿੰਘ ਨੇ ਆਪਣੇ ਦੋਸਤ ਧਰਮਿੰਦਰ ਸਿੰਘ ਉਰਫ਼ ਭਿੰਡਰ ਉਰਫ਼ ਬਕਰਾ ਅਤੇ ਇੱਕ ਹੋਰ ਅਣਪਛਾਤੇ ਨੌਜਵਾਨ ਨੂੰ ਘਰ ਬੁਲਾ ਲਿਆ। ਸ਼ਿਕਾਇਤਕਰਤਾ ਦੇ ਬਿਆਨਾਂ ਮੁਤਾਬਕ, ਸਾਰਿਆਂ ਨੇ ਮਿਲ ਕੇ ਬਜ਼ੁਰਗ ਨੂੰ ਮਾਰਨ ਦੀ ਯੋਜਨਾ ਬਣਾਈ।
ਸੁਖਪ੍ਰੀਤ ਕੌਰ ਵੱਲੋਂ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਹਰਵਿੰਦਰ ਸਿੰਘ ਦੀ ਪਤਨੀ ਕੋਮਲ ਨੇ ਹਰਜਿੰਦਰ ਸਿੰਘ ਦੀ ਚਾਹ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ। ਚਾਹ ਪੀਣ ਤੋਂ ਬਾਅਦ ਜਦੋਂ ਬਜ਼ੁਰਗ ਬੇਹੋਸ਼ ਹੋ ਗਿਆ ਤਾਂ ਰਾਤ ਕਰੀਬ 11:30 ਵਜੇ ਮੁਲਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ।
ਦੋਸ਼ਾਂ ਅਨੁਸਾਰ, ਹਰਵਿੰਦਰ ਸਿੰਘ, ਚਰਨਜੀਤ ਸਿੰਘ, ਧਰਮਿੰਦਰ ਸਿੰਘ ਅਤੇ ਉਨ੍ਹਾਂ ਦੇ ਇੱਕ ਅਣਪਛਾਤੇ ਸਾਥੀ ਨੇ ਬਜ਼ੁਰਗ ਦੇ ਹੱਥ-ਪੈਰ ਫੜ ਲਏ, ਜਦਕਿ ਕੋਮਲ ਨੇ ਪਰਨੇ ਨਾਲ ਉਸ ਦਾ ਗਲਾ ਘੁੱਟ ਦਿੱਤਾ। ਇਸ ਕਾਰਨ ਹਰਜਿੰਦਰ ਸਿੰਘ ਦੀ ਮੌਤ ਹੋ ਗਈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਭਰਾ ਹਰਵਿੰਦਰ ਸਿੰਘ ਅਕਸਰ ਪਿਤਾ ਤੋਂ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ। ਇਸ ਤੋਂ ਇਲਾਵਾ ਉਹ ਪਿਤਾ ਦਾ ਮਕਾਨ ਵੀ ਆਪਣੇ ਨਾਂ ਕਰਵਾਉਣਾ ਚਾਹੁੰਦਾ ਸੀ, ਪਰ ਹਰਜਿੰਦਰ ਸਿੰਘ ਇਸ ਲਈ ਰਾਜ਼ੀ ਨਹੀਂ ਸਨ।
ਇਸੇ ਗੱਲ ਨੂੰ ਲੈ ਕੇ ਪਿਤਾ ਅਤੇ ਪੁੱਤਰ ਵਿਚਕਾਰ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਧੀ ਨੇ ਜਾਇਦਾਦ ਦੇ ਵਿਵਾਦ ਅਤੇ ਪੈਸਿਆਂ ਦੀ ਮੰਗ ਨੂੰ ਹੀ ਇਸ ਕਥਿਤ ਕਤਲ ਪਿੱਛੇ ਮੁੱਖ ਕਾਰਨ ਦੱਸਿਆ ਹੈ।
ਪੁਲਿਸ ਨੇ ਸੁਖਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਹਰਵਿੰਦਰ ਸਿੰਘ ਉਰਫ਼ ਨਿੱਕਾ, ਉਸ ਦੀ ਪਤਨੀ ਕੋਮਲ, ਚਰਨਜੀਤ ਸਿੰਘ, ਧਰਮਿੰਦਰ ਸਿੰਘ ਉਰਫ਼ ਭਿੰਡਰ ਉਰਫ਼ ਬਕਰਾ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।










