ਕੋਲਕਾਤਾ: ਪੱਛਮੀ ਬੰਗਾਲ ਦੇ ਸਾਬਕਾ ਸੈਰ-ਸਪਾਟਾ ਮੰਤਰੀ ਇੰਦਰਨੀਲ ਸੇਨ ਦੇ ਘਰ ‘ਤੇ ਮਨੀ ਲਾਂਡਰਿੰਗ ਮਾਮਲੇ ਵਿੱਚ 16 ਘੰਟਿਆਂ ਤੋਂ ਵੱਧ ਛਾਪੇਮਾਰੀ ਅਤੇ ਤਲਾਸ਼ੀ ਲੈਣ ਤੋਂ ਬਾਅਦ, ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਕੋਲਕਾਤਾ ਦੇ ਉੱਤਰੀ ਬਾਹਰੀ ਹਿੱਸੇ ਵਿੱਚ ਸਥਿਤ ਆਪਣੇ ਸਾਲਟ ਲੇਕ ਦਫ਼ਤਰ ਵਿੱਚ ਪੁੱਛਗਿੱਛ ਲਈ ਬੁਲਾਇਆ ਹੈ। ਗਾਇਕ ਤੋਂ ਰਾਜਨੇਤਾ ਬਣੇ ਸੇਨ ਨੂੰ ਅੱਜ ਸਵੇਰੇ 11 ਵਜੇ ਈ.ਡੀ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਹਾਲਾਂਕਿ, ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਨੇ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਨਾਲ ਹੀ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਬੀਤੇ ਦਿਨ ਈ.ਡੀ ਦੇ ਅਧਿਕਾਰੀਆਂ ਦੀਆਂ ਵੱਖ-ਵੱਖ ਟੀਮਾਂ ਨੇ ਦੱਖਣੀ ਕੋਲਕਾਤਾ ਦੇ ਕਸਬਾ ਇਲਾਕੇ ‘ਚ ਸੇਨ ਅਤੇ ਉਨ੍ਹਾਂ ਦੀ ਪਤਨੀ ਮਧੂਚੰਦਾ ਸੇਨ ਦੇ ਘਰ ਸਮੇਤ 10 ਥਾਵਾਂ ‘ਤੇ ਇੱਕੋ ਸਮੇਂ ਛਾਪੇਮਾਰੀ ਅਤੇ ਤਲਾਸ਼ੀ ਮੁਹਿੰਮ ਚਲਾਈ। ਹੋਰ ਥਾਵਾਂ ਜਿੱਥੇ ਛਾਪੇਮਾਰੀ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ , ਉਨ੍ਹਾਂ ਵਿੱਚ ਸੇਨ ਦੇ ਕੁਝ ਰਿਸ਼ਤੇਦਾਰਾਂ ਦੇ ਘਰ ਅਤੇ ਇੱਕ ਇਵੈਂਟ ਮੈਨੇਜਰ ਅਰਿਜੀਤ ਦਾਸਗੁਪਤਾ ਦੇ ਘਰ ਸ਼ਾਮਲ ਸਨ। ਸੇਨ ਅਤੇ ਉਸ ਦੀ ਪਤਨੀ ਦੇ ਖ਼ਿਲਾਫ਼ ਮੁੱਖ ਦੋਸ਼ ਯੂਨੈਸਕੋ ਟੈਗ ਦੀ ਵਰਤੋਂ ਕਰਕੇ ਦੁਰਗਾ ਪੂਜਾ ਯਾਤਰਾ ਦੇ ਨਾਮ ‘ਤੇ “ਜਾਅਲੀ ਪਾਸ” ਵੇਚਣ ਦਾ ਹੈ। ਸੂਤਰਾਂ ਮੁਤਾਬਕ ਸ਼ੁਰੂਆਤੀ ਅੰਦਾਜ਼ਾ ਹੈ ਕਿ ਇਸ ਮਾਮਲੇ ‘ਚ ਕਰੀਬ 60 ਕਰੋੜ ਰੁਪਏ ਸ਼ਾਮਲ ਹਨ।
ਈ.ਡੀ ਨੇ ਜੂਨ ਵਿੱਚ ਬੋਬਜ਼ਾਰ ਥਾਣੇ ‘ਚ ਧੋਖਾਧੜੀ ਦੇ ਸ਼ਿਕਾਰ ਜੋਏਦੀਪ ਮੁਖਰਜੀ ਦੀ ਸ਼ਿਕਾਇਤ ਦੇ ਆਧਾਰ ‘ਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਹਾਲਾਂਕਿ ਸੇਨ ਨੇ ਸ਼ੁਰੂ ਤੋਂ ਹੀ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਯਾਦ ਰਹੇ ਕਿ 2021 ਵਿੱਚ, ਕੋਲਕਾਤਾ ਦੁਰਗਾ ਪੂਜਾ ਨੂੰ ਯੂਨੈਸਕੋ ਦੁਆਰਾ ਮਾਨਤਾ ਦਿੱਤੀ ਗਈ ਸੀ। ਉਸ ਤੋਂ ਬਾਅਦ ‘ਮਾਸ ਆਰਟ’ ਨਾਂ ਦੀ ਸੰਸਥਾ ਬਣਾਈ ਗਈ, ਜੋ ਆਪਣੇ ਆਪ ਨੂੰ ਯੂਨੈਸਕੋ ਦਾ ‘ਆਧਿਕਾਰਤ ਭਾਈਵਾਲ’ ਕਹਾਉਂਦੀ ਸੀ।
ਉਨ੍ਹਾਂ ਨੇ ਦੁਰਗਾ ਪੂਜਾ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਦੁਰਗਾ ਪੂਜਾ ਪਰਿਕਰਮਾ ਲਈ ਪਾਸਾਂ ਦੀ ਵਿਕਰੀ ਸ਼ੁਰੂ ਹੋ ਗਈ । ਪਰ ਜੋ ਪਾਸ ਵੱਧ ਕੀਮਤ ‘ਤੇ ਵੇਚੇ ਗਏ ਸਨ ਉਹ ਅਸਲ ਵਿੱਚ ਫਰਜ਼ੀ ਸਨ। ਸੇਨ ਦੀ ਪਤਨੀ ਮਧੂਚੰਦਾ ਇਸ ਸੰਸਥਾ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਸੀ। ਦੋਸ਼ ਹੈ ਕਿ ਕੋਲਕਾਤਾ ਦੀ ਦੁਰਗਾ ਪੂਜਾ ਦੇ ‘ਪ੍ਰੀਵਿਊ ਸ਼ੋਅ’ ਜਾਂ ਪੂਜਾ ਪਰਿਕਰਮਾ ਦੇ ਨਾਂ ‘ਤੇ ਯੂਨੈਸਕੋ ਦੇ ਨਾਂ ਅਤੇ ਲੋਗੋ ਦੀ ਗੈਰ-ਕਾਨੂੰਨੀ ਵਰਤੋਂ ਕਰਕੇ ਐਂਟਰੀ ਪਾਸ ਜਾਂ ਟਿਕਟਾਂ ਉੱਚੀਆਂ ਕੀਮਤਾਂ ‘ਤੇ ਵੇਚੀਆਂ ਜਾਂਦੀਆਂ ਸਨ। ਈ.ਡੀ ਦਾ ਦੋਸ਼ ਹੈ ਕਿ ਕਰੀਬ 60 ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਹੋਇਆ ਹੈ।
ਇਹ ਵੀ ਖੁਲਾਸਾ ਹੋਇਆ ਹੈ ਕਿ ਕੋਲਕਾਤਾ ਵਿੱਚ ਦੁਰਗਾ ਪੂਜਾ ਦੇ ਲਗਭਗ 24 ‘ਪ੍ਰੀਵਿਊ ਸ਼ੋਅ’ ਦੇ ਪਾਸ ਉੱਚੀਆਂ ਕੀਮਤਾਂ ‘ਤੇ ਵੇਚੇ ਗਏ ਸਨ। ਕੁਝ ਮਾਮਲਿਆਂ ਵਿੱਚ ਇਨ੍ਹਾਂ ਪਾਸਾਂ ਦੀ ਕੀਮਤ 1,749 ਰੁਪਏ ਤੋਂ ਲੈ ਕੇ 5,499 ਰੁਪਏ ਤੱਕ ਸੀ। ਸਬੰਧਤ ਸੰਸਥਾ ਨੇ ਦਾਅਵਾ ਕੀਤਾ ਸੀ ਕਿ ਯੂਨੈਸਕੋ ਨੇ ਉਨ੍ਹਾਂ 24 ਪੂਜਾ ਪੰਡਾਲਾਂ ਦੀ ਚੋਣ ਕੀਤੀ ਸੀ। ਪਰ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਅਨੁਸਾਰ ਹੁਣ ਤੱਕ ਇਸ ਦਾਅਵੇ ਵਿੱਚ ਕੋਈ ਸੱਚਾਈ ਸਾਹਮਣੇ ਨਹੀਂ ਆਈ ਹੈ। ਦੋਸ਼ ਹੈ ਕਿ ‘ਪ੍ਰੀਵਿਊ ਸ਼ੋਅ’ ਪਾਸ ਦੇ ਨਾਂ ‘ਤੇ ਪੈਸੇ ਦਾ ਗਬਨ ਕੀਤਾ ਗਿਆ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 2022 ਵਿੱਚ ਲਗਭਗ 19000 ਲੋਕਾਂ ਨੇ, 2023 ਵਿੱਚ 34000 ਅਤੇ 2024 ਵਿੱਚ 61000 ਲੋਕਾਂ ਨੇ ਇਹ ਪਾਸ ਲੈਣ ਲਈ ਰਜਿਸਟਰੇਸ਼ਨ ਕਰਵਾਈ ਸੀ।












