ਅਮਰੀਕਾ : ਅਮਰੀਕਾ ਦੇ ਅਲਾਸਕਾ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਲਾਸਕਾ ‘ਚ 6 ਮੈਗਨੀਟਿਊਡ ਦੀ ਤੀਬਰਤਾ ਨਾਲ ਧਰਤੀ ਹਿੱਲੀ। ਇਸ ਨਾਲ ਲੋਕ ਡਰ ਗਏ। ਅਲਾਸਕਾ ਦੇ ਐਂਕੋਰੇਜ ਮਹਾਂਨਗਰੀ ਇਲਾਕੇ ਵਿੱਚ ਸਵੇਰੇ-ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਜਿਲਯੋਲੋਜਿਸਟ ਸਰਵੇ (USGS) ਮੁਤਾਬਕ ਰਿਕਟਰ ਪੈਮਾਨੇ ‘ਤੇ ਇਸ ਭੂਚਾਲ ਦੀ ਤੀਬਰਤਾ 6.0 ਮਾਪੀ ਗਈ। ਦੱਸ ਦੇਈਏ ਕਿ ਅਮਰੀਕਾ ਦੇ ਅਲਾਸਕਾ ਵਿੱਚ ਭੂਚਾਲ ਆਉਣਾ ਬਹੁਤ ਆਮ ਗੱਲ ਹੈ। ਇੱਥੇ ਅਕਸਰ ਹੀ ਧਰਤੀ ਹਿੱਲਦੀ ਰਹਿੰਦੀ ਹੈ। ਅਮਰੀਕੀ ਸੁਨਾਮੀ ਵਿਭਾਗ ਵੱਲੋਂ ਭੂਚਾਲ ਤੋਂ ਬਾਅਦ ਬਿਆਨ ਵੀ ਜਾਰੀ ਕੀਤਾ ਗਿਆ ਹੈ।
ਜਾਣਕਾਰੀ ਦੇ ਅਨੁਸਾਰ, ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 8:11 ਵਜੇ ਆਇਆ ਅਤੇ ਇਸਦੀ ਡੂੰਘਾਈ ਲਗਭਗ 69 ਕਿਲੋਮੀਟਰ ਸੀ। ਇਸਦਾ ਕੇਂਦਰ ਸੂਸੀਟਨਾ ਦੇ ਪੱਛਮ-ਉੱਤਰੀ ਵੱਲ ਲਗਭਗ 12 ਕਿਲੋਮੀਟਰ ਦੂਰ ਸੀ, ਜੋ ਐਂਕੋਰੇਜ ਤੋਂ ਲਗਭਗ 108 ਕਿਲੋਮੀਟਰ ਦੂਰ ਪੈਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂ ਵਿੱਚ ਕਿਸੇ ਵੱਡੇ ਨੁਕਸਾਨ ਜਾਂ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਨਾਲ ਹੀ, ਅਮਰੀਕੀ ਸੁਨਾਮੀ ਚੇਤਾਵਨੀ ਪ੍ਰਣਾਲੀ ਨੇ ਵੀ ਆਖਿਆ ਕਿ ਇਸ ਭੂਚਾਲ ਨਾਲ ਸੁਨਾਮੀ ਦਾ ਖ਼ਤਰਾ ਨਹੀਂ ਹੈ। ਅਲਾਸਕਾ ਅਮਰੀਕਾ ਦਾ ਸਭ ਤੋਂ ਵੱਧ ਭੂਚਾਲ-ਪ੍ਰਭਾਵਿਤ ਰਾਜ ਮੰਨਿਆ ਜਾਂਦਾ ਹੈ ਅਤੇ ਦੁਨੀਆ ਦੇ ਸਭ ਤੋਂ ਸਰਗਰਮ ਭੂਚਾਲ ਖੇਤਰਾਂ ਵਿੱਚੋਂ ਇੱਕ ਹੈ। ਇੱਥੇ ਲਗਭਗ ਹਰ ਸਾਲ 7.0 ਤੀਬਰਤਾ ਦੇ ਬਰਾਬਰ ਦਾ ਵੱਡਾ ਭੂਚਾਲ ਆਉਂਦਾ ਹੈ।











