ਲਖਨਊ: ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਡਿਜੀਟਲ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਵੱਡਾ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਬੇਸਿਕ ਸਿੱਖਿਆ ਪਰਿਸ਼ਦ ਦੇ ਅਧੀਨ ਆਉਂਦੇ 14,429 ਪ੍ਰਾਇਮਰੀ ਸਕੂਲਾਂ ਨੂੰ ਸਮਾਰਟ ਸਕੂਲ ਵਜੋਂ ਵਿਕਸਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਇਸ ਯੋਜਨਾ ਲਈ ਸਰਕਾਰ ਵੱਲੋਂ 300 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਵਿੱਤ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸੁਰੇਸ਼ ਕੁਮਾਰ ਖੰਨਾ ਮੁਤਾਬਕ, ਯੋਜਨਾ ਤਹਿਤ ਹਰੇਕ ਸਕੂਲ ਲਈ ਲਗਭਗ 2,07,910 ਰੁਪਏ ਦੀ ਰਕਮ ਨਿਰਧਾਰਤ ਕੀਤੀ ਗਈ ਹੈ।
ਸਕੂਲਾਂ ਵਿੱਚ ਮਿਲਣਗੀਆਂ ਡਿਜੀਟਲ ਸਹੂਲਤਾਂ
ਸਮਾਰਟ ਸਕੂਲਾਂ ਵਿੱਚ ਇੰਟਰਨੈੱਟ ਕਨੈਕਟੀਵਿਟੀ ਦੇ ਨਾਲ ਆਈਸੀਟੀ ਲੈਬ ਅਤੇ ਸਮਾਰਟ ਕਲਾਸਾਂ ਵਰਗੀਆਂ ਸਹੂਲਤਾਂ ਵਿਕਸਤ ਕੀਤੀਆਂ ਜਾਣਗੀਆਂ। ਇਸ ਰਾਹੀਂ ਅਧਿਆਪਕ ਡਿਜੀਟਲ ਸਮੱਗਰੀ ਅਤੇ ਤਕਨੀਕੀ ਸਾਧਨਾਂ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਪੜ੍ਹਾ ਸਕਣਗੇ।
ਯੋਜਨਾ ਤਹਿਤ ਸਮਾਰਟ ਕਲਾਸਾਂ ਨੂੰ ਪੜਾਅਵਾਰ ਢੰਗ ਨਾਲ ਸਥਾਪਿਤ ਕਰਨ ਦੀ ਯੋਜਨਾ ਹੈ। ਇਸ ਵਿੱਚ ਡਿਜੀਟਲ ਸਿੱਖਿਆ ਸਮੱਗਰੀ, ਇੰਟਰਐਕਟਿਵ ਡਿਸਪਲੇਅ, ਆਡੀਓ-ਵਿਜ਼ੂਅਲ ਸਾਧਨ ਅਤੇ ਹੋਰ ਤਕਨੀਕੀ ਸਹੂਲਤਾਂ ਸ਼ਾਮਲ ਕੀਤੀਆਂ ਜਾਣਗੀਆਂ।
ਸਰਕਾਰ ਮੁਤਾਬਕ, ਇਸ ਪਹਿਲ ਦਾ ਉਦੇਸ਼ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਤੱਕ ਆਧੁਨਿਕ ਅਤੇ ਤਕਨਾਲੋਜੀ ਆਧਾਰਿਤ ਸਿੱਖਿਆ ਦੀ ਪਹੁੰਚ ਵਧਾਉਣਾ ਹੈ।












