Homeਦੇਸ਼ਦਿੱਲੀ ਬਿਲਡਿੰਗ ਹਾਦਸਾ: ਮਰਨ ਵਾਲਿਆਂ ਦੀ ਗਿਣਤੀ 6 ਹੋਈ, FIR ਦਰਜ

ਦਿੱਲੀ ਬਿਲਡਿੰਗ ਹਾਦਸਾ: ਮਰਨ ਵਾਲਿਆਂ ਦੀ ਗਿਣਤੀ 6 ਹੋਈ, FIR ਦਰਜ

ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ ਦੇ ਸਾਊਥ ਕੈਂਪਸ ਨੇੜੇ ਸਤਿਆ ਨਿਕੇਤਨ ਦੀ ਇੱਕ ਤੰਗ ਗਲੀ ਵਿੱਚ ਐਤਵਾਰ ਦੁਪਹਿਰ ਵੱਡਾ ਹਾਦਸਾ ਵਾਪਰਿਆ। ਇੱਥੇ ਲੜਕਿਆਂ ਲਈ PG ਵਜੋਂ ਵਰਤੀ ਜਾ ਰਹੀ ਕਰੀਬ 30 ਸਾਲ ਪੁਰਾਣੀ ਪੰਜ ਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ। ਹਾਦਸੇ ਵਿੱਚ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਮਲਬੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਰਾਹਤ ਅਤੇ ਬਚਾਅ ਕਾਰਜ ਜਾਰੀ ਰਹੇ।

AIIMS ਟਰੌਮਾ ਸੈਂਟਰ ਵਿੱਚ 10 ਜ਼ਖ਼ਮੀ ਪਹੁੰਚੇ

AIIMS ਵੱਲੋਂ ਜਾਰੀ ਜਾਣਕਾਰੀ ਮੁਤਾਬਕ ਟਰੌਮਾ ਸੈਂਟਰ ਵਿੱਚ ਕੁੱਲ 10 ਜ਼ਖ਼ਮੀਆਂ ਨੂੰ ਲਿਆਂਦਾ ਗਿਆ। ਇਨ੍ਹਾਂ ਵਿੱਚੋਂ 4 ਨੂੰ ਹਸਪਤਾਲ ਪਹੁੰਚਣ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਗੰਭੀਰ ਹਾਲਤ ਵਿੱਚ ਦਾਖ਼ਲ ਇੱਕ ਹੋਰ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਫਿਲਹਾਲ ਤਿੰਨ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਦੀ ਸਰਜਰੀ ਕੀਤੀ ਗਈ ਹੈ, ਜਦਕਿ ਮਾਮੂਲੀ ਸੱਟਾਂ ਵਾਲੇ ਇੱਕ ਵਿਅਕਤੀ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

ਮੁਰੰਮਤ ਦੇ ਕੰਮ ਦੌਰਾਨ ਵਾਪਰਿਆ ਹਾਦਸਾ

ਜਾਣਕਾਰੀ ਮੁਤਾਬਕ ਹਾਦਸਾ ਬੀਤੇ ਦਿਨੀਂ ਦੁਪਹਿਰ ਕਰੀਬ 1:30 ਵਜੇ ਵਾਪਰਿਆ। ਉਸ ਸਮੇਂ ਇਮਾਰਤ ਦੇ ਗਰਾਊਂਡ ਫਲੋਰ ’ਤੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ਮੁਰੰਮਤ ਦੇ ਕੰਮ ਕਾਰਨ ਇਮਾਰਤ ਦੀ ਬਣਤਰ ਪ੍ਰਭਾਵਿਤ ਹੋਈ ਹੋ ਸਕਦੀ ਹੈ। ਇਸ ਤੋਂ ਇਲਾਵਾ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਬੇਸਮੈਂਟ ਵਿੱਚ ਪਾਣੀ ਜਮ੍ਹਾਂ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਹਾਲਾਂਕਿ ਹਾਦਸੇ ਦੇ ਅਸਲ ਕਾਰਨਾਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋਵੇਗੀ।

ਸਿਰਫ਼ G+1 ਦੀ ਇਜਾਜ਼ਤ, ਬਣਾਈ ਪੰਜ ਮੰਜ਼ਿਲਾ ਇਮਾਰਤ

MCD ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਪੁਨਰਵਾਸ ਕਾਲੋਨੀ ਵਿੱਚ ਕਰੀਬ 55 ਵਰਗ ਗਜ਼ ਦੇ ਪਲਾਟ ’ਤੇ ਬਣੀ ਇਸ ਇਮਾਰਤ ਲਈ ਸਿਰਫ਼ ਗਰਾਊਂਡ ਫਲੋਰ ਅਤੇ ਇੱਕ ਮੰਜ਼ਿਲ, ਯਾਨੀ G+1, ਦੀ ਮਨਜ਼ੂਰੀ ਸੀ। ਇਸ ਦੇ ਬਾਵਜੂਦ ਇਮਾਰਤ ਨੂੰ ਕਥਿਤ ਤੌਰ ’ਤੇ ਪੰਜ ਮੰਜ਼ਿਲਾ (G+4) ਬਣਾਇਆ ਗਿਆ। ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਨੇੜਲੀ ਇੱਕ ਹੋਰ ਇਮਾਰਤ ਨੂੰ ਵੀ ਸੀਲ ਕਰ ਦਿੱਤਾ ਹੈ। ਇਸ ਇਮਾਰਤ ਵਿੱਚ ਮਹਿਲਾ PG ਚੱਲ ਰਿਹਾ ਸੀ ਅਤੇ ਸਾਰੇ ਕਿਰਾਏਦਾਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

NDRF ਸਮੇਤ ਕਈ ਏਜੰਸੀਆਂ ਨੇ ਚਲਾਇਆ ਰੈਸਕਿਊ ਆਪਰੇਸ਼ਨ

ਹਾਦਸੇ ਦੀ ਸੂਚਨਾ ਮਿਲਦੇ ਹੀ NDRF ਦੀਆਂ ਦੋ ਟੀਮਾਂ, ਕਰੀਬ 70 ਜਵਾਨਾਂ ਅਤੇ ਡੌਗ ਸਕੁਐਡ ਸਮੇਤ ਮੌਕੇ ’ਤੇ ਪਹੁੰਚੀਆਂ। ਮਲਬੇ ਵਿੱਚ ਫਸੇ ਲੋਕਾਂ ਦੀ ਮਦਦ ਲਈ ਆਕਸੀਜਨ ਸਿਲੰਡਰ ਵੀ ਪਹੁੰਚਾਏ ਗਏ। ਦਿੱਲੀ ਪੁਲਿਸ, ਦਿੱਲੀ ਫਾਇਰ ਸਰਵਿਸ, DDMA, MCD, CAT ਅਤੇ ਸਿਵਲ ਡਿਫੈਂਸ ਦੀਆਂ ਟੀਮਾਂ ਨੇ ਵੀ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਹਿੱਸਾ ਲਿਆ। ਸਥਾਨਕ ਲੋਕਾਂ ਨੇ ਵੀ ਮਲਬਾ ਹਟਾਉਣ ਵਿੱਚ ਮਦਦ ਕੀਤੀ।

PG ਮਾਲਕ ਖ਼ਿਲਾਫ਼ FIR, ਮੈਜਿਸਟ੍ਰੇਟੀ ਜਾਂਚ ਦੇ ਹੁਕਮ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਪੁਲਿਸ ਕਮਿਸ਼ਨਰ ਅਤੇ NDRF ਦੇ ਡਾਇਰੈਕਟਰ ਜਨਰਲ ਨਾਲ ਗੱਲ ਕਰਕੇ ਹਾਲਾਤ ਦੀ ਜਾਣਕਾਰੀ ਲਈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਘਟਨਾ ਸਥਾਨ ਦਾ ਦੌਰਾ ਕਰਨ ਦੇ ਨਾਲ AIIMS ਟਰੌਮਾ ਸੈਂਟਰ ਪਹੁੰਚ ਕੇ ਜ਼ਖ਼ਮੀਆਂ ਦਾ ਹਾਲ ਵੀ ਜਾਣਿਆ। ਉਨ੍ਹਾਂ ਨੇ ਹਾਦਸੇ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਪੁਲਿਸ ਨੇ ਸਾਊਥ ਕੈਂਪਸ ਥਾਣੇ ਵਿੱਚ ਇਮਾਰਤ ਦੇ ਮਾਲਕ ਹਰੀਰਾਮ ਅਤੇ ਹੋਰਾਂ ਖ਼ਿਲਾਫ਼ ਗੈਰ-ਇਰਾਦਤਨ ਕਤਲ, ਲਾਪਰਵਾਹੀ ਅਤੇ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਭਾਲ ਲਈ ਪੁਲਿਸ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਹਨ।

ABVP ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ

ਹਾਦਸੇ ਤੋਂ ਨਾਰਾਜ਼ ABVP ਦੇ ਕਰੀਬ 150-200 ਵਿਦਿਆਰਥੀਆਂ ਨੇ ਦਿੱਲੀ ਨਗਰ ਨਿਗਮ ਦੇ ਮੁੱਖ ਦਫ਼ਤਰ ਸਿਵਿਕ ਸੈਂਟਰ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕੁਝ ਵਿਦਿਆਰਥੀਆਂ ਨੇ ਇਮਾਰਤ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਧੱਕਾ-ਮੁੱਕੀ ਹੋਈ। ਪੁਲਿਸ ਨੇ ਕਰੀਬ 15 ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਕੇ ਕਮਲਾ ਮਾਰਕੀਟ ਥਾਣੇ ਭੇਜਿਆ। ਮਾਮਲੇ ਵਿੱਚ ਅਗਲੀ ਕਾਰਵਾਈ ਜਾਰੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments