ਬੀਜਿੰਗ: ਚੀਨ ਨੇ ਨੇਪਾਲ ਵਿੱਚ ਭਿਆਨਕ ਹੜ੍ਹਾਂ ਦੇ ਪੀੜਤਾਂ ਨੂੰ 2.2 ਮਿਲੀਅਨ ਅਮਰੀਕੀ ਡਾਲਰ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਨੇ ਤਬਾਹੀ ਵਿੱਚ ਜਾਨ ਅਤੇ ਮਾਲ ਦੇ ਨੁਕਸਾਨ ‘ਤੇ ਸੋਗ ਪ੍ਰਗਟ ਕੀਤਾ ਹੈ। ਨੇਪਾਲ ਸਰਕਾਰ ਨੇ ਅੱਜ ਇਹ ਜਾਣਕਾਰੀ ਦਿੱਤੀ। ਨੇਪਾਲ ਵਿੱਚ ਚੀਨ ਦੇ ਰਾਜਦੂਤ ਝਾਂਗ ਮਾਓਮਿੰਗ ਨੇ ਬੀਤੇ ਦਿਨ ਚੀਨੀ ਸਰਕਾਰ ਵੱਲੋਂ 35 ਕਰੋੜ ਨੇਪਾਲੀ ਰੁਪਏ (20 ਲੱਖ ਅਮਰੀਕੀ ਡਾਲਰ) ਦੀ ਸਹਾਇਤਾ ਦਾ ਚੈੱਕ ਵਿੱਤ ਮੰਤਰੀ ਸਵਰਨੀਮ ਵਾਗਲੇ ਨੂੰ ਸੌਂਪਿਆ। ਵਿੱਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ।
ਚੀਨੀ ਰਾਜਦੂਤ ਨੇ ਨੇਪਾਲ ਸਰਕਾਰ ਨੂੰ ਚੀਨੀ ਰੈੱਡ ਕਰਾਸ ਤੋਂ 200,000 ਅਮਰੀਕੀ ਡਾਲਰ ਦੀ ਸਹਾਇਤਾ ਵੀ ਸੌਂਪੀ। ਮੰਤਰਾਲੇ ਦੇ ਅਨੁਸਾਰ, ਝਾਂਗ ਨੇ ਸ਼ੀ ਅਤੇ ਲੀ ਦੀ ਤਰਫੋਂ ਵਾਗਲੇ ਨੂੰ ਕਿਹਾ, “ਇਸ ਆਫ਼ਤ ਵਿੱਚ ਨੇਪਾਲ ਇਕੱਲਾ ਨਹੀਂ ਹੈ। ਚੀਨ ਹਮੇਸ਼ਾ ਨੇਪਾਲ ਦੇ ਨਾਲ ਹੈ।” ਚੀਨੀ ਨੇਤਾਵਾਂ ਨੇ ਇਸ ਤਬਾਹੀ ਵਿੱਚ ਹੋਏ ਜਾਨੀ ਨੁਕਸਾਨ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਨੇਪਾਲ ਵਿੱਚ ਅਚਾਨਕ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਅੱਜ ਵੱਧ ਕੇ 903 ਹੋ ਗਈ , ਜਦੋਂ ਕਿ ਲਾਸ਼ਾ ਦੀ ਬਰਾਮਦਗੀ ਜਾਰੀ ਹੈ ,ਇਸ ਤਬਾਹੀ ਤੋਂ ਬਾਅਦ ਲਗਭਗ 4,250 ਲੋਕ ਹੁਣ ਵੀ ਲਾਪਤਾ ਹਨ ।
ਮੰਨਿਆ ਜਾਂਦਾ ਹੈ ਕਿ ਇਹ ਹੜ੍ਹ 26 ਅਗਸਤ ਨੂੰ ਨੇਪਾਲ-ਤਿੱਬਤ ਸਰਹੱਦ ਨੇੜੇ ਬਰਫ਼ ਅਤੇ ਚੱਟਾਨਾਂ ਦੇ ਡਿੱਗਣ ਜਾਂ ਬਰਫ਼ ਖਿਸਕਣ ਕਾਰਨ ਆਇਆ ਸੀ। ਇਸ ਕਾਰਨ ਉੱਤਰੀ ਅਤੇ ਮੱਧ ਨੇਪਾਲ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਭਾਰੀ ਤਬਾਹੀ ਹੋਈ। ਹਿਮਾਲਿਆ ਦੇ ਸਰਹੱਦੀ ਖੇਤਰ ਤੋਂ ਦੱਖਣ ਵੱਲ ਵਹਿਣ ਵਾਲੀ ਭੋਟੇਕੋਸ਼ੀ ਨਦੀ ਵਿੱਚ ਹੜ੍ਹ ਦੇ ਪਾਣੀ ਕਾਰਨ ਮਕਾਨ, ਵਾਹਨ, ਸੜਕਾਂ ਅਤੇ ਪੁਲ ਰੁੜ੍ਹ ਗਏ ਅਤੇ ਪਣਬਿਜਲੀ ਪ੍ਰਾਜੈਕਟਾਂ ਨੂੰ ਵੀ ਨੁਕਸਾਨ ਪਹੁੰਚਿਆ। ਚੀਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਚੀਨ ਵਾਲੇ ਪਾਸੇ ਇਸ ਤਬਾਹੀ ‘ਚ 16 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਤਿੱਬਤ ‘ਚ ਕਰੀਬ 550 ਲੋਕ ਹਾਲੇ ਵੀ ਲਾਪਤਾ ਹਨ।











