ਦਿੱਲੀ ਤੋਂ ਇਸ ਵੇਲੇ ਦੀ ਇੱਕ ਬੇਹੱਦ ਗੰਭੀਰ ਅਤੇ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ। ਕਸ਼ਮੀਰੀ ਗੇਟ ਇਲਾਕੇ ਵਿੱਚ ਇੱਕ ਸਲੀਪਰ ਬੱਸ ਦੇ ਅੰਦਰ 11ਵੀਂ ਜਮਾਤ ਦੀ ਨਾਬਾਲਿਗ ਵਿਦਿਆਰਥਣ ਨਾਲ ਕਥਿਤ ਤੌਰ ‘ਤੇ ਜਿਨਸੀ ਸੋਸ਼ਣ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਿਸ ਮੁਤਾਬਕ, ਇਹ ਘਟਨਾ 4 ਅਗਸਤ ਦੀ ਰਾਤ ਦੀ ਦੱਸੀ ਜਾ ਰਹੀ ਹੈ। ਭਾਰੀ ਬਾਰਿਸ਼ ਦੌਰਾਨ ਵਿਦਿਆਰਥਣ ਰਸਤਾ ਭਟਕ ਗਈ ਸੀ। ਇਸ ਦੌਰਾਨ ਉਸ ਨੇ ਇੱਕ ਬੱਸ ਨੂੰ ਰੋਕਿਆ, ਜਿਸ ਵਿੱਚ ਡਰਾਈਵਰ ਅਤੇ ਕੰਡਕਟਰ ਮੌਜੂਦ ਸਨ।
ਦੋਸ਼ ਹੈ ਕਿ ਬੱਸ ਵਿੱਚ ਬਿਠਾਉਣ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੇ ਵਿਦਿਆਰਥਣ ਨਾਲ ਜਿਨਸੀ ਹਿੰਸਾ ਕੀਤੀ ਅਤੇ ਬਾਅਦ ਵਿੱਚ ਉਸਨੂੰ ਕਸ਼ਮੀਰੀ ਗੇਟ ਨੇੜੇ ਛੱਡ ਦਿੱਤਾ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਡਰਾਈਵਰ ਕੁਲਦੀਪ ਅਤੇ ਕੰਡਕਟਰ ਸੰਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਨੇ ਬੱਸ ਨੂੰ ਵੀ ਕਬਜ਼ੇ ਵਿੱਚ ਲੈ ਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਵੱਲੋਂ ਘਟਨਾ ਨਾਲ ਜੁੜੇ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
ਇਸ ਮਾਮਲੇ ਨੇ ਇੱਕ ਵਾਰ ਫਿਰ ਦਿੱਲੀ ਵਿੱਚ ਮਹਿਲਾਵਾਂ ਅਤੇ ਬੱਚੀਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।











