ਨਵੀਂ ਦਿੱਲੀ: ਟਾਟਾ ਸੰਨਜ਼ ਦੇ ਐਗਜ਼ਿਕਿਊਟਿਵ ਚੇਅਰਮੈਨ ਐਨ. ਚੰਦਰਸ਼ੇਖਰਨ ਦਾ ਕਾਰਜਕਾਲ ਹੋਰ ਪੰਜ ਸਾਲ ਲਈ ਵਧਾ ਦਿੱਤਾ ਗਿਆ ਹੈ। ਬੋਰਡ ਮੀਟਿੰਗ ਵਿੱਚ ਉਨ੍ਹਾਂ ਨੂੰ ਮੌਜੂਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਹੋਰ ਪੰਜ ਸਾਲ ਲਈ ਮੁੜ ਨਿਯੁਕਤ ਕਰਨ ਦਾ ਫੈਸਲਾ ਬਹੁਮਤ ਨਾਲ ਲਿਆ ਗਿਆ। ਇਸ ਨਾਲ ਉਹ 2032 ਤੱਕ ਟਾਟਾ ਗਰੁੱਪ ਦੀ ਹੋਲਡਿੰਗ ਕੰਪਨੀ ਟਾਟਾ ਸੰਨਜ਼ ਦੀ ਅਗਵਾਈ ਕਰ ਸਕਣਗੇ।
ਚੰਦਰਸ਼ੇਖਰਨ ਇਸ ਸਮੇਂ ਆਪਣਾ ਦੂਜਾ ਪੰਜ ਸਾਲਾ ਕਾਰਜਕਾਲ ਪੂਰਾ ਕਰ ਰਹੇ ਹਨ, ਜੋ ਫਰਵਰੀ 2027 ਵਿੱਚ ਖ਼ਤਮ ਹੋਣਾ ਸੀ। 12 ਅਗਸਤ 2026 ਨੂੰ ਉਨ੍ਹਾਂ ਨੇ ਮੌਜੂਦਾ ਕਾਰਜਕਾਲ ਤੋਂ ਬਾਅਦ ਮੁੜ ਅਹੁਦਾ ਨਾ ਸੰਭਾਲਣ ਦਾ ਫੈਸਲਾ ਬੋਰਡ ਨੂੰ ਦੱਸਿਆ ਸੀ। ਇਸ ਤੋਂ ਬਾਅਦ 3 ਸਤੰਬਰ ਨੂੰ ਬੋਰਡ ਦੀ ਨੋਮੀਨੇਸ਼ਨ ਐਂਡ ਰਿਮਿਊਨਰੇਸ਼ਨ ਕਮੇਟੀ ਨੇ ਉਨ੍ਹਾਂ ਦੇ ਯੋਗਦਾਨ ਅਤੇ ਗਰੁੱਪ ਦੇ ਵੱਡੇ ਹਿੱਤਾਂ ਨੂੰ ਦੇਖਦਿਆਂ ਉਨ੍ਹਾਂ ਨੂੰ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕਰਨ ਦਾ ਫੈਸਲਾ ਕੀਤਾ।
17 ਸਤੰਬਰ ਦੀ ਬੋਰਡ ਮੀਟਿੰਗ ਵਿੱਚ ਚੰਦਰਸ਼ੇਖਰਨ ਨੇ ਬੋਰਡ ਦੀ ਬੇਨਤੀ ’ਤੇ ਮੁੜ ਵਿਚਾਰ ਕਰਨ ਲਈ ਸਹਿਮਤੀ ਦਿੱਤੀ ਅਤੇ ਇਸ ਤੋਂ ਬਾਅਦ ਬੋਰਡ ਨੇ ਉਨ੍ਹਾਂ ਦੀ ਪੰਜ ਸਾਲ ਲਈ ਮੁੜ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ। ਬੋਰਡ ਨੇ ਟਾਟਾ ਸੰਨਜ਼ ਦੀ ਲਿਸਟਿੰਗ ਨਾਲ ਜੁੜੀਆਂ ਰੈਗੂਲੇਟਰੀ ਲੋੜਾਂ ਦੀ ਪਾਲਣਾ ਲਈ ਵੀ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ।
ਇਸ ਫੈਸਲੇ ’ਤੇ ਟਾਟਾ ਟਰੱਸਟਸ ਦੇ ਚੇਅਰਮੈਨ ਨੋਏਲ ਟਾਟਾ ਨੇ ਇਤਰਾਜ਼ ਜਤਾਇਆ ਹੈ। ਟਾਟਾ ਟਰੱਸਟਸ ਕੋਲ ਟਾਟਾ ਸੰਨਜ਼ ਵਿੱਚ 66 ਫੀਸਦੀ ਹਿੱਸੇਦਾਰੀ ਹੈ। ਨੋਏਲ ਟਾਟਾ ਨੇ ਕਿਹਾ ਕਿ ਟਰੱਸਟਸ ਨੇ ਚੰਦਰਸ਼ੇਖਰਨ ਦੇ 12 ਅਗਸਤ ਵਾਲੇ ਅਹੁਦਾ ਛੱਡਣ ਦੇ ਫੈਸਲੇ ਨੂੰ ਸਵੀਕਾਰ ਕਰ ਲਿਆ ਸੀ।
ਟਾਟਾ ਸੰਨਜ਼ ਦੇ ਬੋਰਡ ਵੱਲੋਂ ਲਿਸਟਿੰਗ ਪ੍ਰਕਿਰਿਆ ਵੱਲ ਅੱਗੇ ਵਧਣ ਦਾ ਫੈਸਲਾ ਵੀ ਇਸ ਮਾਮਲੇ ਦਾ ਅਹਿਮ ਹਿੱਸਾ ਹੈ। ਇਸ ਸਬੰਧੀ ਬੋਰਡ ਨੇ RBI ਅਤੇ ਹੋਰ ਸਬੰਧਤ ਹਿੱਸੇਦਾਰਾਂ ਤੋਂ ਮਾਰਗਦਰਸ਼ਨ ਲੈਣ ਦੀ ਗੱਲ ਕਹੀ ਹੈ।












