ਝਬਾਲ/ਸਰਾਏ ਅਮਾਨਤ ਖਾਂ: ਪੰਜਾਬ ਦੀ ਭਾਰਤ-ਪਾਕਿਸਤਾਨ ਸਰਹੱਦ ’ਤੇ ਨਸ਼ਾ ਤਸਕਰੀ ਦੀ ਇੱਕ ਹੋਰ ਕੋਸ਼ਿਸ਼ ਨਾਕਾਮ ਹੋ ਗਈ ਹੈ। BSF ਦੇ ਜਵਾਨਾਂ ਨੇ ਸਰਹੱਦੀ ਪਿੰਡ ਚੀਮਾ ਦੇ ਖੇਤਾਂ ਵਿੱਚੋਂ ਡਰੋਨ ਰਾਹੀਂ ਭੇਜੀ ਗਈ 508 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਖੇਪ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ ਢਾਈ ਕਰੋੜ ਰੁਪਏ ਦੱਸੀ ਜਾ ਰਹੀ ਹੈ। ਹੈਰੋਇਨ ਦੇ ਨਾਲ ਇੱਕ ਵਿਦੇਸ਼ੀ ਮੋਬਾਈਲ ਫੋਨ ਵੀ ਮਿਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 115ਵੀਂ ਬਟਾਲੀਅਨ BSF ਦੇ ਨੌਸ਼ਿਹਰਾ ਢਾਲਾ ਸਥਿਤ ਬੀਓਪੀ ਦੇ ਜਵਾਨ ਸਰਹੱਦੀ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਪਿੰਡ ਚੀਮਾ ਦੇ ਖੇਤਾਂ ਵਿੱਚੋਂ ਸ਼ੱਕੀ ਖੇਪ ਮਿਲੀ। ਜਾਂਚ ਕਰਨ ’ਤੇ ਇਸ ਵਿੱਚੋਂ 508 ਗ੍ਰਾਮ ਹੈਰੋਇਨ ਅਤੇ ਇੱਕ ਵਿਦੇਸ਼ੀ ਮੋਬਾਈਲ ਫੋਨ ਬਰਾਮਦ ਹੋਇਆ।
BSF ਅਧਿਕਾਰੀਆਂ ਨੇ ਬਰਾਮਦ ਕੀਤੀ ਖੇਪ ਅਤੇ ਮੋਬਾਈਲ ਫੋਨ ਨੂੰ ਅਗਲੀ ਕਾਰਵਾਈ ਲਈ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਖੇਪ ਨੂੰ ਕਿਸ ਨੇ ਮੰਗਵਾਇਆ ਸੀ ਅਤੇ ਇਸ ਨੂੰ ਅੱਗੇ ਕਿੱਥੇ ਪਹੁੰਚਾਇਆ ਜਾਣਾ ਸੀ।
ਝਬਾਲ ਖੇਡ ਸਟੇਡੀਅਮ ਤੋਂ ਨਸ਼ਾ ਸੇਵਨ ਕਰਦਾ ਵਿਅਕਤੀ ਗ੍ਰਿਫ਼ਤਾਰ
ਇਸੇ ਦੌਰਾਨ ਥਾਣਾ ਝਬਾਲ ਦੀ ਪੁਲਿਸ ਨੇ ਖੇਡ ਸਟੇਡੀਅਮ ਵਿੱਚੋਂ ਇੱਕ ਵਿਅਕਤੀ ਨੂੰ ਕਥਿਤ ਤੌਰ ’ਤੇ ਪਾਬੰਦੀਸ਼ੁਦਾ ਨਸ਼ੇ ਦਾ ਸੇਵਨ ਕਰਦੇ ਹੋਏ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਹਰਦੇਵ ਸਿੰਘ ਪੁੱਤਰ ਅਜੀਤ ਸਿੰਘ, ਵਾਸੀ ਤਾਜ਼ੇਚੱਕ ਵਜੋਂ ਹੋਈ ਹੈ। ਪੁਲਿਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
