ਹੁਸ਼ਿਆਰਪੁਰ: ਹੁਸ਼ਿਆਰਪੁਰ-ਚੰਡੀਗੜ੍ਹ ਰੋਡ ’ਤੇ ਪਿੰਡ ਬੂਥਗੜ੍ਹ ਦੇ ਬਾਹਰੀ ਇਲਾਕੇ ਛਾਉਣੀ ਕਲਾਂ ਨੇੜੇ ਬੀਤੇ ਦਿਨੀਂ ਇੱਕ ਕਰੀਬ 20 ਸਾਲਾ ਕੁੜੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਹਲਚਲ ਮਚ ਗਈ। ਮੁੱਢਲੀ ਜਾਣਕਾਰੀ ਅਨੁਸਾਰ, ਲੜਕੀ ਦੇ ਗਲੇ ’ਤੇ ਡੂੰਘੇ ਕੱਟ ਦੇ ਨਿਸ਼ਾਨ ਸਨ। ਪੁਲਿਸ ਨੂੰ ਸ਼ੱਕ ਹੈ ਕਿ ਇਹ ਕਤਲ ਦਾ ਮਾਮਲਾ ਹੋ ਸਕਦਾ ਹੈ।
ਰਾਹਗੀਰ ਦੀ ਸੂਚਨਾ ’ਤੇ ਮੌਕੇ ’ਤੇ ਪਹੁੰਚੀ ਪੁਲਿਸ
ਜਾਣਕਾਰੀ ਮੁਤਾਬਕ, ਇੱਕ ਰਾਹਗੀਰ ਨੇ ਸੜਕ ਕਿਨਾਰੇ ਲਾਸ਼ ਪਈ ਹੋਣ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਡੀਐੱਸਪੀ ਸਿਟੀ ਕੁਲਭੂਸ਼ਣ ਸ਼ਰਮਾ ਅਤੇ ਸਬੰਧਤ ਥਾਣੇ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ।
ਪੁਲਿਸ ਵੱਲੋਂ ਕੀਤੀ ਮੁੱਢਲੀ ਜਾਂਚ ਦੌਰਾਨ ਲੜਕੀ ਦੇ ਗਲੇ ’ਤੇ ਡੂੰਘੇ ਕੱਟ ਦੇ ਨਿਸ਼ਾਨ ਮਿਲੇ। ਮ੍ਰਿਤਕ ਦੀ ਪਛਾਣ ਨੂਰ ਵਾਸੀ ਬਜਵਾੜਾ ਵਜੋਂ ਕੀਤੀ ਗਈ ਹੈ। ਮਾਮਲੇ ਦੀ ਜਾਂਚ ਲਈ ਫੋਰੈਂਸਿਕ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ।
ਕਿਸੇ ਹੋਰ ਥਾਂ ਕਤਲ ਕਰਕੇ ਲਾਸ਼ ਸੁੱਟਣ ਦਾ ਸ਼ੱਕ
ਪੁਲਿਸ ਨੂੰ ਖ਼ਦਸ਼ਾ ਹੈ ਕਿ ਲੜਕੀ ਦਾ ਕਤਲ ਕਿਸੇ ਹੋਰ ਥਾਂ ’ਤੇ ਕਰਨ ਤੋਂ ਬਾਅਦ ਲਾਸ਼ ਨੂੰ ਹਾਈਵੇਅ ਦੇ ਕਿਨਾਰੇ ਸੁੱਟਿਆ ਗਿਆ ਹੋ ਸਕਦਾ ਹੈ। ਹਾਲਾਂਕਿ, ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ।
ਜਦੋਂ ਪੁਲਿਸ ਅਧਿਕਾਰੀ ਤੋਂ ਗੈਂਗਵਾਰ ਜਾਂ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਪਹਿਲਾਂ ਇਸ ਸਬੰਧੀ ਕੋਈ ਨਤੀਜਾ ਕੱਢਣਾ ਜਲਦਬਾਜ਼ੀ ਹੋਵੇਗੀ।
ਕਾਤਲਾਂ ਦੀ ਪਛਾਣ ਲਈ ਜਾਂਚ ਜਾਰੀ
ਫਿਲਹਾਲ ਕਤਲ ਦੇ ਕਾਰਨਾਂ ਅਤੇ ਇਸ ਵਾਰਦਾਤ ਵਿੱਚ ਸ਼ਾਮਲ ਵਿਅਕਤੀਆਂ ਬਾਰੇ ਕੋਈ ਠੋਸ ਜਾਣਕਾਰੀ ਸਾਹਮਣੇ ਨਹੀਂ ਆਈ। ਪੁਲਿਸ ਵੱਲੋਂ ਮਾਮਲੇ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।










