ਜਰਮਨੀ: ਦੁਨੀਆ ਭਰ ਵਿੱਚ ਪ੍ਰਸਿੱਧ ਵੈੱਬ ਬ੍ਰਾਊਜ਼ਰ ਗੇਮ ‘ਸਟਿਕ ਰਨ’ ਦੇ ਨਿਰਮਾਤਾ ਅਤੇ ਜਰਮਨ ਇਨਫਲੂਐਂਸਰ ਮੈਨੁਅਲ ਓਟੋ ਦਾ 30 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਪੂਰਾ ਨਾਮ ਮਾਰਕ-ਮੈਨੁਅਲ ਅਲੈਗਜ਼ੈਂਡਰ ਓਟੋ ਦੱਸਿਆ ਗਿਆ ਹੈ। ਉਨ੍ਹਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਉਣ ਮਗਰੋਂ ਗੇਮਿੰਗ ਜਗਤ ਵਿੱਚ ਸੋਗ ਦਾ ਮਾਹੌਲ ਹੈ।
ਮੀਡੀਆ ਰਿਪੋਰਟਾਂ ਮੁਤਾਬਕ, ਜਰਮਨੀ ਦੇ ਬਵੇਰੀਆ ਖੇਤਰ ਵਿੱਚ ਇੱਕ ਜਾਇਦਾਦ ’ਤੇ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਉਨ੍ਹਾਂ ਦੀ ਮੌਤ ਦਾ ਪਤਾ ਲੱਗਿਆ। ਇਸ ਮਾਮਲੇ ਨਾਲ ਜੁੜੀ ਇੱਕ ਲਾਈਵਸਟ੍ਰੀਮ ਬਾਰੇ ਵੀ ਰਿਪੋਰਟਾਂ ਸਾਹਮਣੇ ਆਈਆਂ ਹਨ। ਹਾਲਾਂਕਿ, ਘਟਨਾ ਦੇ ਸਾਰੇ ਵੇਰਵਿਆਂ ਦੀ ਸੁਤੰਤਰ ਪੁਸ਼ਟੀ ਹੋਣਾ ਬਾਕੀ ਹੈ।
‘ਸਟਿਕ ਰਨ’ ਦੀ ਟੀਮ ਨੇ ਪ੍ਰਗਟਾਇਆ ਦੁੱਖ
ਗੇਮ ਦੀ ਅਧਿਕਾਰਤ ਟੀਮ ਨੇ ਸੋਸ਼ਲ ਮੀਡੀਆ ’ਤੇ ਬਿਆਨ ਜਾਰੀ ਕਰਦਿਆਂ ਮੈਨੁਅਲ ਓਟੋ ਦੇ ਦੇਹਾਂਤ ਦੀ ਪੁਸ਼ਟੀ ਕੀਤੀ। ਟੀਮ ਨੇ ਉਨ੍ਹਾਂ ਨੂੰ ਗੇਮ ਦਾ ਸਿਰਜਣਹਾਰ, ਡਿਵੈਲਪਰ ਅਤੇ ਆਪਣਾ ਸਾਥੀ ਦੱਸਿਆ।
ਬਿਆਨ ਵਿੱਚ ਕਿਹਾ ਗਿਆ ਕਿ ਉਨ੍ਹਾਂ ਦਾ ਕੰਮ ਦੁਨੀਆ ਭਰ ਦੇ ਖਿਡਾਰੀਆਂ ਦੀ ਜ਼ਿੰਦਗੀ ਦਾ ਹਿੱਸਾ ਬਣਿਆ ਅਤੇ ਗੇਮ ਰਾਹੀਂ ਉਨ੍ਹਾਂ ਦੀ ਯਾਦ ਖਿਡਾਰੀਆਂ ਨਾਲ ਜੁੜੀ ਰਹੇਗੀ।
ਟਵਿੱਚ ਨੇ ਹਟਾਈ ਲਾਈਵਸਟ੍ਰੀਮ
ਘਟਨਾ ਸਾਹਮਣੇ ਆਉਣ ਤੋਂ ਬਾਅਦ ਲਾਈਵਸਟ੍ਰੀਮਿੰਗ ਪਲੇਟਫਾਰਮ ਟਵਿੱਚ ਵੱਲੋਂ ਮੈਨੁਅਲ ਓਟੋ ਦੇ ਚੈਨਲ ਅਤੇ ਘਟਨਾ ਨਾਲ ਸਬੰਧਤ ਵੀਡੀਓ ਨੂੰ ਹਟਾਉਣ ਦੀ ਜਾਣਕਾਰੀ ਦਿੱਤੀ ਗਈ ਹੈ।
ਪਲੇਟਫਾਰਮ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਸ ਦੀ ਕਮਿਊਨਿਟੀ ਦੇ ਮਾਨਸਿਕ ਸਿਹਤ ਅਤੇ ਤੰਦਰੁਸਤੀ ਨਾਲ ਜੁੜੇ ਮੁੱਦੇ ਮਹੱਤਵਪੂਰਨ ਹਨ। ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਜੇ ਉਹ ਮਾਨਸਿਕ ਤੌਰ ’ਤੇ ਮੁਸ਼ਕਲ ਦੌਰ ਵਿੱਚੋਂ ਲੰਘ ਰਹੇ ਹਨ ਤਾਂ ਮਦਦ ਲੈਣ ਅਤੇ ਉਪਲਬਧ ਸਹਾਇਤਾ ਸੇਵਾਵਾਂ ਨਾਲ ਸੰਪਰਕ ਕਰਨ।
14 ਸਾਲ ਦੀ ਉਮਰ ਵਿੱਚ ਬਣਾਈ ਸੀ ਗੇਮ
ਮੈਨੁਅਲ ਓਟੋ ਨੇ ਸਾਲ 2010 ਵਿੱਚ, ਜਦੋਂ ਉਹ ਸਿਰਫ਼ 14 ਸਾਲ ਦੇ ਸਨ, ‘ਸਟਿਕ ਰਨ’ ਗੇਮ ਤਿਆਰ ਕੀਤੀ ਸੀ। ਇਹ ਇੱਕ ਮਲਟੀਪਲੇਅਰ ਗੇਮ ਹੈ, ਜਿਸ ਵਿੱਚ ਖਿਡਾਰੀ ਸਟਿਕ-ਫਿਗਰ ਕਿਰਦਾਰ ਨੂੰ ਕੰਟਰੋਲ ਕਰਦੇ ਹੋਏ ਵੱਖ-ਵੱਖ ਰੁਕਾਵਟਾਂ ਪਾਰ ਕਰਦੇ ਹਨ ਅਤੇ ਸਿੱਕੇ ਤੇ ਅੰਕ ਇਕੱਠੇ ਕਰਦੇ ਹਨ।
ਓਟੋ ਨੂੰ ਬਚਪਨ ਤੋਂ ਹੀ ਐਨੀਮੇਟਡ ਫ਼ਿਲਮਾਂ ਦੇਖਣ ਅਤੇ ਕੰਪਿਊਟਰ ’ਤੇ ਸਕੈਚ ਬਣਾਉਣ ਦਾ ਸ਼ੌਕ ਸੀ। ਇੱਕ ਪੁਰਾਣੇ ਇੰਟਰਵਿਊ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਖ਼ੁਦ ਗੇਮ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।
ਕੰਪਿਊਟਰ ਅਤੇ ਮੋਬਾਈਲ ਫ਼ੋਨਾਂ ’ਤੇ ਖੇਡੀ ਜਾਣ ਵਾਲੀ ਇਸ ਗੇਮ ਨੂੰ ਦੁਨੀਆ ਭਰ ਵਿੱਚ 4.3 ਕਰੋੜ ਤੋਂ ਵੱਧ ਲੋਕਾਂ ਵੱਲੋਂ ਖੇਡੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਛੋਟੀ ਉਮਰ ਵਿੱਚ ਗੇਮ ਤਿਆਰ ਕਰਕੇ ਵੱਡੀ ਪਛਾਣ ਬਣਾਉਣ ਵਾਲੇ ਮੈਨੁਅਲ ਓਟੋ ਦੇ ਦੇਹਾਂਤ ਨਾਲ ਗੇਮਿੰਗ ਭਾਈਚਾਰੇ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।










