ਮੋਗਾ : ਬੀਤੇ ਦਿਨ ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਉੱਤੇ ਫਾਇਰਿੰਗ ਹੋਈ ਸੀ ਜਿਸ ਮਾਮਲੇ ਵਿੱਚ ਪੁਲਿਸ ਵੱਲੋਂ ਲਗਾਤਾਰ ਜਾਂਚ ਜਾਰੀ ਸੀ। ਜਿਸ ਦੇ ਚਲਦਿਆਂ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਿਸ ਵੱਲੋਂ ਅਦਾਕਾਰਾ ਤਾਨੀਆ ਦੇ ਪਿਤਾ ਉੱਤੇ ਫਾਇਰਿੰਗ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਇਸ ਦੌਰਾਨ ਮੁਲਜ਼ਮਾਂ ਕੋਲੋਂ 3 ਪਿਸਤੌਲਾਂ ਤੇ 13 ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਇਸ ਫਾਇਰਿੰਗ ਮਾਮਲੇ ਵਿੱਚ ਲੰਡਾ ਗੈਂਗ ਦਾ ਹੱਥ ਸੀ ਜਿਨ੍ਹਾਂ ਵੱਲੋਂ ਵਿਦੇਸ਼ ਤੋਂ ਇਹ ਸਾਜ਼ਿਸ਼ ਰਚੀ ਗਈ ਸੀ।ਪੁਲਸ ਨੇ ਇਸ ਮਾਮਲੇ ਵਿੱਚ ਗੁਰਲਾਲ, ਖੁਸ਼ਪ੍ਰੀਤ ਤੇ ਗੁਰਮਨ ਨਾਂ ਦੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਬਾਰੇ ਜਾਣਕਾਰੀ ਖੁਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਲਿਿਖਆ ਹੈ ਕਿ ਇੱਕ ਵੱਡੀ ਸਫਲਤਾ ਵਿੱਚ ਮੋਗਾ ਪੁਲਸ ਨੇ ਐਂਟੀ-ਗੈਂਗਸਟਰ ਟਾਸਕ ਫੋਰਸ ਅਤੇ ਕਾਊਂਟਰ ਇੰਟੈਲੀਜੈਂਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਕੈਨੇਡਾ-ਅਧਾਰਤ ਗੈਂਗਸਟਰ ਲਖਵੀਰ ਸਿੰਘ ਉਰਫ ਲੰਡਾ ਹਰੀਕੇ ਦੁਆਰਾ ਰਚੀ ਗਈ ਇੱਕ ਟਾਰਗੇਟ ਕਿਿਲੰਗ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਤਿੰਨ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਡਾਕਟਰ ਅਨਿਲਜੀਤ ਕੰਬੋਜ ਨੂੰ ਖ਼ਤਮ ਕਰਨ ਲਈ ਲਖਵੀਰ ਸਿੰਘ ਉਰਫ ਲੰਡਾ ਹਰੀਕੇ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ। ਆਪ੍ਰੇਸ਼ਨ ਦੌਰਾਨ, ਪੁਲਸ ਅਤੇ ਮੁਲਜ਼ਮਾਂ ਵਿਚਕਾਰ ਗੋਲੀਬਾਰੀ ਹੋਈ, ਜਿਸ ਵਿੱਚ ਮੁਲਜ਼ਮਾਂ ਦੀਆਂ ਲੱਤਾਂ ’ਤੇ ਗੋਲੀਆਂ ਲੱਗੀਆਂ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

ਖੁਫੀਆ ਜਾਣਕਾਰੀ ਅਤੇ ਤਕਨੀਕੀ ਜਾਣਕਾਰੀ ਦੇ ਸਮਰਥਨ ਨਾਲ ਟੀਮ ਨੇ ਜਨਤਕ ਸੁਰੱਖਿਆ ਲਈ ਇੱਕ ਗੰਭੀਰ ਖ਼ਤਰੇ ਨੂੰ ਟਾਲਦੇ ਹੋਏ, ਇਸ ਟਾਰਗੇਟ ਕਿਿਲੰਗ ਮਾਡਿਊਲ ਨੂੰ ਸਫਲਤਾਪੂਰਵਕ ਨਸ਼ਟ ਕਰ ਦਿੱਤਾ। ਇਸ ਦੌਰਾਨ 2 ਪਿਸਤੌਲ (.30 ਬੋਰ) 10 ਜ਼ਿੰਦਾ ਕਾਰਤੂਸਾਂ ਦੇ ਨਾਲ, 1 ਪਿਸਤੌਲ (.32 ਬੋਰ) 3 ਜ਼ਿੰਦਾ ਕਾਰਤੂਸਾਂ ਦੇ ਨਾਲ ਅਤੇ 1 ਕਾਰ ਬਰਾਮਦ ਹੋਏ ਹਨ। ਇਸ ਸਬੰਧੀ ਥਾਣਾ ਫਤਹਿਗੜ੍ਹ ਪੰਜਤੂਰ ਵਿਖੇ ਇੱਕ ਐੱਫ.ਆਈ.ਆਰ ਦਰਜ ਕੀਤੀ ਗਈ ਹੈ।ਮਾਡਿਊਲ ਦੇ ਅੱਗੇ ਅਤੇ ਪਿੱਛੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਪੁਲਸ ਗੈਂਗਸਟਰਾਂ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਅਤੇ ਚੰਗੀ ਤਰ੍ਹਾਂ ਤਾਲਮੇਲ ਵਾਲੇ, ਖੁਫੀਆ ਜਾਣਕਾਰੀ ਦੀ ਅਗਵਾਈ ਵਾਲੇ ਕਾਰਜਾਂ ਰਾਹੀਂ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਜ਼ਿਕਰਯੋਗ ਹੈ ਕਿ ਮੋਗਾ ਜ਼ਿਲ੍ਹੇ ਦੇ ਕਸਬਾ ਕੋਟ ਈਸੇ ਖ਼ਾਂ ਵਿਖੇ ਬੀਤੇ ਦਿਨ ਮਸ਼ਹੂਰ ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਨੂੰ ਅਣਪਛਾਤਿਆਂ ਨੇ ਗੋਲ਼ੀਆਂ ਮਾਰ ਦਿੱਤੀਆਂ ਸਨ। ਤਾਨੀਆ ਦੇ ਪਿਤਾ ਡਾਕਟਰ ਅਨਿਲਜੀਤ ਕੰਬੋਜ ਆਪਣੇ ਹਰਬੰਸ ਨਰਸਿੰਗ ਹੋਮ ‘ਚ ਬੈਠੇ ਸਨ। ਇਸ ਦੌਰਾਨ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ‘ਤੇ ਆਏ ਅਤੇ ਉਨ੍ਹਾਂ ਉਪਰ ਅੰਨੇਵਾਹ ਫਾਇਰਿੰਗ ਕਰ ਦਿੱਤੀ। ਘਟਨਾ ਮਗਰੋਂ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ। ਉਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਇਕ ਨਿੱਜੀ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ।











