ਫਤਿਹਗੜ੍ਹ ਸਾਹਿਬ : ਪੰਜਾਬ ਵਿੱਚ ਦੇਰ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਵਿੱਚ ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਇਹ ਦਰਦਨਾਕ ਸੜਕ ਪਿੰਡ ਆਦਮਪੁਰ ਨੇੜੇ ਵਾਪਰਿਆ, ਜਿੱਥੇ ਇੱਕ ਬਲੈਰੋ ਜੀਪ ਇੱਕ ਖੜ੍ਹੇ ਟਿੱਪਰ ਨਾਲ ਟਕਰਾ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਜੀਪ ਚਲਾ ਰਹੇ ਵਿਅਕਤੀ ਬਲਵੰਤ ਰਾਮ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਉਸਦੇ ਨਾਲ ਬੈਠੇ 12 ਸਾਲਾ ਬੱਚੇ ਸਿਕੰਦਰ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ। ਜਿਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਇਸ ਸਾਰੇ ਘਟਨਾਕ੍ਰਮ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਰਹਿੰਦ ਦੇ ਸਬ-ਇੰਸਪੈਕਟਰ ਮਨਿੰਦਰ ਸਿੰਘ ਨੇ ਦੱਸਿਆ ਕਿ ਇਹ ਜੀਪ ਹਿਮਾਚਲ ਪ੍ਰਦੇਸ਼ ਤੋਂ ਫਲ ਅਤੇ ਸਬਜ਼ੀਆਂ ਲੈ ਕੇ ਗੁਰੂਗ੍ਰਾਮ ਦੀ ਸਬਜ਼ੀ ਮੰਡੀ ਨੂੰ ਜਾ ਰਹੀ ਸੀ। ਜੀਪ ਦੀ ਰਫ਼ਤਾਰ ਤੇਜ਼ ਸੀ ਤੇ ਇਸੇ ਦੌਰਾਨ ਰਸਤੇ ਵਿੱਚ ਪਿੰਡ ਆਦਮਪੁਰ ਨੇੜੇ ਸੜਕ ‘ਤੇ ਖੜ੍ਹੇ ਇੱਕ ਟਿੱਪਰ ਨਾਲ ਟੱਕਰ ਹੋ ਗਈ। ਫਿਲਹਾਲ ਪੁਲਿਸ ਨੇ ਅਣਪਛਾਤੇ ਟਿੱਪਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਥਾਣਾ ਸਰਹਿੰਦ ਦੀ ਪੁਲਿਸ ਇਸ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕਰ ਰਹੀ ਹੈ।












