ਢਾਕਾ: ਬੰਗਲਾਦੇਸ਼ ਇਸ ਸਮੇਂ ਕਰੀਬ ਦੋ ਦਹਾਕਿਆਂ ਦੇ ਸਭ ਤੋਂ ਗੰਭੀਰ ਬਿਜਲੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਰੋਜ਼ਾਨਾ ਕਈ ਘੰਟਿਆਂ ਤੱਕ ਬਿਜਲੀ ਕੱਟ ਲੱਗ ਰਹੇ ਹਨ। ਰਿਪੋਰਟਾਂ ਮੁਤਾਬਕ ਬਿਜਲੀ ਦੀ ਕਮੀ 3,000 ਤੋਂ 3,500 ਮੈਗਾਵਾਟ ਤੱਕ ਪਹੁੰਚ ਰਹੀ ਹੈ, ਜਿਸ ਨਾਲ ਘਰਾਂ ਦੇ ਨਾਲ-ਨਾਲ ਉਦਯੋਗ ਅਤੇ ਵਪਾਰ ਵੀ ਪ੍ਰਭਾਵਿਤ ਹੋ ਰਹੇ ਹਨ।
ਸੰਕਟ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬਾਰੀਸ਼ਾਲ ਜਨਰਲ ਹਸਪਤਾਲ ਵਿੱਚ ਬਿਜਲੀ ਕੱਟਾਂ ਅਤੇ ਜਨਰੇਟਰ ਲਈ ਡੀਜ਼ਲ ਦੀ ਕਮੀ ਕਾਰਨ ਨਰਸਾਂ ਨੂੰ ਮਰੀਜ਼ਾਂ ਦੀ ਦੇਖਭਾਲ ਲਈ ਮੋਬਾਈਲ ਫੋਨ ਦੀ ਟਾਰਚ ਦੀ ਰੌਸ਼ਨੀ ਦੀ ਵਰਤੋਂ ਕਰਨੀ ਪਈ। ਦੋ ਵੱਡੇ ਸਰਕਾਰੀ ਹਸਪਤਾਲਾਂ ਵਿੱਚ ਬਿਜਲੀ ਸਪਲਾਈ ਦੀ ਸਮੱਸਿਆ ਕਾਰਨ ਮਰੀਜ਼ਾਂ ਅਤੇ ਸਿਹਤ ਕਰਮਚਾਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬੰਗਲਾਦੇਸ਼ ਦੀ ਬਿਜਲੀ ਪ੍ਰਣਾਲੀ ਕੁਦਰਤੀ ਗੈਸ ’ਤੇ ਕਾਫ਼ੀ ਨਿਰਭਰ ਹੈ। ਰਿਪੋਰਟਾਂ ਅਨੁਸਾਰ ਦੇਸ਼ ਦੀ 40 ਫੀਸਦੀ ਤੋਂ ਵੱਧ ਬਿਜਲੀ ਆਯਾਤ ਕੀਤੀ LNG ਨਾਲ ਜੁੜੀ ਹੋਈ ਹੈ। ਗੈਸ ਦੀ ਕਮੀ ਅਤੇ ਮਹਿੰਗੀ LNG ਕਾਰਨ ਕਈ ਪਾਵਰ ਪਲਾਂਟ ਪੂਰੀ ਸਮਰੱਥਾ ਨਾਲ ਕੰਮ ਨਹੀਂ ਕਰ ਰਹੇ।
ਇਸ ਦੌਰਾਨ ਭਾਰਤ ਤੋਂ ਬਿਜਲੀ ਸਹਾਇਤਾ ਦੀ ਸੰਭਾਵਨਾ ਵੀ ਸੀਮਿਤ ਦੱਸੀ ਜਾ ਰਹੀ ਹੈ। ਬੰਗਲਾਦੇਸ਼ ਪਹਿਲਾਂ ਹੀ ਭਾਰਤ ਤੋਂ ਘੱਟੋ-ਘੱਟ 2,656 ਮੈਗਾਵਾਟ ਬਿਜਲੀ ਦਰਾਮਦ ਕਰ ਰਿਹਾ ਹੈ। ਝਾਰਖੰਡ ਦੇ ਗੋਡਾ ਸਥਿਤ ਅਡਾਨੀ ਪਾਵਰ ਪਲਾਂਟ ਤੋਂ ਵੀ ਲਗਭਗ 1,500 ਮੈਗਾਵਾਟ ਬਿਜਲੀ ਬੰਗਲਾਦੇਸ਼ ਨੂੰ ਮਿਲਦੀ ਹੈ।
ਭਾਰਤ ਵੱਲੋਂ ਵਾਧੂ ਬਿਜਲੀ ਦੇਣ ਲਈ ਉਤਪਾਦਨ ਸਮਰੱਥਾ ਅਤੇ ਟਰਾਂਸਮਿਸ਼ਨ ਪ੍ਰਣਾਲੀ ਦਾ ਮੁਲਾਂਕਣ ਕਰਨਾ ਪਵੇਗਾ। ਇਸ ਲਈ ਤੁਰੰਤ ਵੱਡੀ ਮਾਤਰਾ ਵਿੱਚ ਵਾਧੂ ਬਿਜਲੀ ਮੁਹੱਈਆ ਕਰਵਾਉਣਾ ਆਸਾਨ ਨਹੀਂ ਮੰਨਿਆ ਜਾ ਰਿਹਾ।
