ਨੇਪਾਲ : ਨੇਪਾਲ ਦੀ ਸਿਆਸਤ ਵਿੱਚ ਅੱਜ ਇੱਕ ਨਵਾਂ ਇਤਿਹਾਸ ਰਚਿਆ ਗਿਆ ਹੈ। ਬਾਲੇਂਦਰ ਸ਼ਾਹ ‘ਬਾਲੇਨ’ ਨੇ ਅੱਜ , ਸ਼ੁੱਕਰਵਾਰ ਨੂੰ ਨੇਪਾਲ ਦੇ 47ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ । ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁੱਕਾਈ।
ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀਆਂ ‘ਚ ਹੋਏ ਸ਼ਾਮਲ
ਸਿਰਫ਼ 35 ਸਾਲ ਦੀ ਉਮਰ ਵਿੱਚ ਬਾਲੇਨ ਨੇਪਾਲ ਦੀ ਸੱਤਾ ਦੇ ਸਿਖਰ ‘ਤੇ ਪਹੁੰਚਣ ਵਾਲੇ ਸਭ ਤੋਂ ਨੌਜਵਾਨ ਨੇਤਾਵਾਂ ਵਿੱਚੋਂ ਇੱਕ ਬਣ ਗਏ ਹਨ। ਉਨ੍ਹਾਂ ਦੀ ਇਸ ਉਪਲਬਧੀ ਨੇ ਦੇਸ਼ ਦੇ ਸਥਾਪਿਤ ਸਿਆਸੀ ਢਾਂਚੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਉਨ੍ਹਾਂ ਨੇ ਪ੍ਰਤੀਨਿਧੀ ਸਭਾ ਦੇ ਮੈਂਬਰ ਵਜੋਂ ਵੀ ਸਹੁੰ ਚੁੱਕੀ ਸੀ।
ਇੰਜੀਨੀਅਰ ਅਤੇ ਰੈਪਰ ਤੋਂ ਸਿਆਸਤਦਾਨ ਤੱਕ
ਬਾਲੇਂਦਰ ਸ਼ਾਹ ਦਾ ਸਫ਼ਰ ਬੇਹੱਦ ਦਿਲਚਸਪ ਰਿਹਾ ਹੈ। ਪੇਸ਼ੇ ਤੋਂ ਸਟ੍ਰਕਚਰਲ ਇੰਜੀਨੀਅਰ ਬਾਲੇਨ ਕਦੇ ਨੇਪਾਲ ਦੇ ਅੰਡਰਗਰਾਊਂਡ ਰੈਪ ਸੰਗੀਤ ਦੀ ਦੁਨੀਆ ਦਾ ਜਾਣਿਆ-ਪਛਾਣਿਆ ਚਿਹਰਾ ਸਨ। ਸਾਲ 2022 ਵਿੱਚ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਕਾਠਮੰਡੂ ਦੇ ਮੇਅਰ ਦੀ ਚੋਣ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਉਦੋਂ ਉਨ੍ਹਾਂ ਦਾ ਚੋਣ ਨਿਸ਼ਾਨ ‘ਸੋਟੀ’ ਸੀ ਅਤੇ ਉਨ੍ਹਾਂ ਨੇ ਨੇਪਾਲੀ ਕਾਂਗਰਸ ਅਤੇ ਸੀ.ਪੀ.ਐੱਨ.-ਯੂ.ਐੱਮ.ਐੱਲ. ਵਰਗੀਆਂ ਦਿੱਗਜ ਪਾਰਟੀਆਂ ਨੂੰ ਹਰਾਇਆ ਸੀ।
ਨਵੀਂ ਸੰਸਦ ਦਾ ਗਠਨ
ਦੱਸਣਯੋਗ ਹੈ ਕਿ ਸਤੰਬਰ 2025 ਵਿੱਚ ‘ਜੈਨ-ਜ਼ੈੱਡ’ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਨੇਪਾਲ ਦੀ ਪੁਰਾਣੀ ਸੰਸਦ ਨੂੰ ਭੰਗ ਕਰ ਦਿੱਤਾ ਗਿਆ ਸੀ। ਇਸ ਮਹੀਨੇ ਦੇ ਸ਼ੁਰੂ ਵਿੱਚ ਹੋਈਆਂ ਚੋਣਾਂ ਤੋਂ ਬਾਅਦ ਨਵੀਂ ਸੰਸਦ ਦੀ ਪਹਿਲੀ ਬੈਠਕ ਬੀਤੇ ਦਿਨ ਬੁਲਾਈ ਗਈ , ਜਿਸ ਵਿੱਚ ਸਾਰੇ ਨਵੇਂ ਚੁਣੇ ਗਏ ਮੈਂਬਰਾਂ ਨੇ ਸਹੁੰ ਚੁੱਕੀ।ਸਹੁੰ ਚੁੱਕ ਸਮਾਗਮ ਵਿੱਚ ਉਪ ਰਾਸ਼ਟਰਪਤੀ ਰਾਮ ਸਹਾਇ ਪ੍ਰਸਾਦ ਯਾਦਵ, ਮੁੱਖ ਜੱਜ ਪ੍ਰਕਾਸ਼ ਮਾਨ ਸਿੰਘ ਰਾਉਤ ਅਤੇ ਕਈ ਸਾਬਕਾ ਪ੍ਰਧਾਨ ਮੰਤਰੀਆਂ ਸਮੇਤ ਡਿਪਲੋਮੈਟਿਕ ਭਾਈਚਾਰੇ ਦੇ ਮੈਂਬਰ ਵੀ ਮੌਜੂਦ ਸਨ।











