ਨੈਸ਼ਨਲ ਡੈਸਕ: ਦੇਸ਼ ਭਰ ਵਿੱਚ ਨੀਟ ਪੇਪਰ ਲੀਕ ਨੂੰ ਲੈ ਕੇ ਰੋਸ ਦੇ ਦਰਮਿਆਨ ਓਡੀਸ਼ਾ ਦੀ ਮੈਡੀਕਲ ਪੀ.ਜੀ ਦਾਖਲਾ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਪ੍ਰੀਖਿਆ ਦੌਰਾਨ ਸੋਸ਼ਲ ਮੀਡੀਆ ‘ਤੇ ਕਥਿਤ ਤੌਰ ‘ਤੇ ਸਾਂਝਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਨੇ ਬੀਤੇ ਦਿਨ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ 27 ਜੁਲਾਈ ਨੂੰ 2023-26 ਬੈਚ ਦੇ ਪੀ.ਜੀ ਵਿਦਿਆਰਥੀਆਂ ਦੀ ਇੱਕ ਵਿਸ਼ੇ ਦੀ ਥਿਊਰੀ ਪ੍ਰੀਖਿਆ ਦੌਰਾਨ ਆਲ ਓਡੀਸ਼ਾ ਮੈਡੀਕਲ ਪੀ.ਜੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਸਾਂਝੀਆਂ ਕੀਤੀਆਂ ਜਾਣ ਦਾ ਮਾਮਲਾ ਸਾਹਮਣੇ ਆਇਆ। ਅਧਿਕਾਰੀਆਂ ਨੇ ਦੱਸਿਆ ਕਿ 2023-26 ਬੈਚ ਦੇ ਐਮ.ਐਸ/ਐਮ.ਡੀ ਕੋਰਸ ਦੇ ਜਨਰਲ ਸਰਜਰੀ ਵਿਸ਼ੇ ਦੇ ਦੂਜੇ ਪ੍ਰਸ਼ਨ ਪੱਤਰ ਦੀਆਂ ਤਸਵੀਰਾਂ ਕੁਝ ਪੋਸਟ ਗ੍ਰੈਜੂਏਟ (ਪੀ.ਜੀ) ਵਿਦਿਆਰਥੀਆਂ ਵੱਲੋਂ ਬਣਾਏ ਗਏ ਵਟਸਐਪ ਗਰੁੱਪਾਂ ਵਿੱਚ ਕਥਿਤ ਤੌਰ ‘ਤੇ ਸਾਂਝੀਆਂ ਕੀਤੀਆਂ ਗਈਆਂ।
ਇਹ ਵੀ ਦੋਸ਼ ਹੈ ਕਿ ਪ੍ਰੀਖਿਆ ਦੌਰਾਨ ਕੁਝ ਮੋਬਾਈਲ ਨੰਬਰਾਂ ਤੋਂ ਪ੍ਰਸ਼ਨਾਂ ਦੇ ਉੱਤਰ ਵੀ ਪ੍ਰਸਾਰਿਤ ਕੀਤੇ ਗਏ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਭੁਵਨੇਸ਼ਵਰ ਦੇ ਇੱਕ ਨਿੱਜੀ ਮੈਡੀਕਲ ਕਾਲਜ ਦੇ ਇੱਕ ਵਿਦਿਆਰਥੀ ਕੋਲ ਪ੍ਰਸ਼ਨ ਪੱਤਰ ਦੀਆਂ ਤਸਵੀਰਾਂ ਮਿਲੀਆਂ। ਵਿਦਿਆਰਥੀ ਨੇ ਇਸ ਦੀ ਜਾਣਕਾਰੀ ਅਧਿਕਾਰੀਆਂ ਨੂੰ ਦਿੱਤੀ ਅਤੇ ਦੱਸਿਆ ਕਿ ਉਸ ਨੂੰ ਇਹ ਤਸਵੀਰਾਂ ਬ੍ਰਹਮਪੁਰ ਸਥਿਤ ਐਮਕੇਸੀਜੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਇੱਕ ਵਿਦਿਆਰਥੀ ਵੱਲੋਂ ਬਣਾਏ ਗਏ ਵਟਸਐਪ ਗਰੁੱਪ ਤੋਂ ਮਿਲੀਆਂ ਸਨ।
ਐਮ.ਕੇ.ਸੀ.ਜੀ. ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡੀਨ-ਕਮ-ਪ੍ਰਿੰਸੀਪਲ ਹਰੇਕ੍ਰਿਸ਼ਨਾ ਦਲਈ ਨੇ ਦੱਸਿਆ ਕਿ 27 ਜੁਲਾਈ ਦੀ ਸ਼ਾਮ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਓਡੀਸ਼ਾ ਸਿਹਤ ਵਿਗਿਆਨ ਯੂਨੀਵਰਸਿਟੀ (ਓ.ਯੂ.ਐਚ.ਐਸ.) ਦੇ ਕੁਲਪਤੀ ਮਾਨਸ ਰੰਜਨ ਸਾਹੂ ਨੇ ਉਨ੍ਹਾਂ ਸਾਰੇ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲਾਂ ਨਾਲ ਡਿਜ਼ੀਟਲ ਮੀਟਿੰਗ ਕੀਤੀ, ਜਿੱਥੇ ਪੀ.ਜੀ ਮੈਡੀਕਲ ਪ੍ਰੀਖਿਆਵਾਂ ਕਰਵਾਈਆਂ ਜਾ ਰਹੀਆਂ ਸਨ। ਉਨ੍ਹਾਂ ਆਉਣ ਵਾਲੀਆਂ ਪ੍ਰੀਖਿਆਵਾਂ ਲਈ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰਨ ਦੇ ਨਿਰਦੇਸ਼ ਦਿੱਤੇ।
ਦਲਈ ਨੇ ਕਿਹਾ, ”ਇਸ ਨੂੰ ਪ੍ਰਸ਼ਨ ਪੱਤਰ ਲੀਕ ਨਹੀਂ ਕਿਹਾ ਜਾ ਸਕਦਾ। ਜੇਕਰ ਪ੍ਰਸ਼ਨ ਪੱਤਰ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਬਾਹਰ ਆ ਕੇ ਵਿਦਿਆਰਥੀਆਂ ਤੱਕ ਪਹੁੰਚ ਜਾਂਦਾ, ਤਾਂ ਇਸ ਨੂੰ ਪੇਪਰ ਲੀਕ ਮੰਨਿਆ ਜਾਂਦਾ। ਪਰ ਇਸ ਮਾਮਲੇ ਵਿੱਚ ਪ੍ਰਸ਼ਨ ਪੱਤਰ ਪ੍ਰੀਖਿਆ ਕਮਰੇ ਦੇ ਅੰਦਰੋਂ ਬਾਹਰ ਆਇਆ ਹੈ।” ਉਨ੍ਹਾਂ ਕਿਹਾ, ”ਪ੍ਰੀਖਿਆ ਕਮਰੇ ਵਿੱਚ ਨਿਯਮਿਤ ਜਾਂਚ ਅਤੇ ਮੋਬਾਈਲ ਫੋਨਾਂ ‘ਤੇ ਪਾਬੰਦੀ ਦੇ ਬਾਵਜੂਦ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਉਣ ਨਾਲ ਅਸੀਂ ਹੈਰਾਨ ਹਾਂ। ਸਾਨੂੰ ਹੈਰਾਨੀ ਹੈ ਕਿ ਪ੍ਰਸ਼ਨ ਪੱਤਰ ਦੀਆਂ ਤਸਵੀਰਾਂ ਸਾਂਝੀਆਂ ਕਰਨ ਲਈ ਕਿਸ ਤਰ੍ਹਾਂ ਦੇ ਇਲੈਕਟ੍ਰਾਨਿਕ ਉਪਕਰਨ ਦੀ ਵਰਤੋਂ ਕੀਤੀ ਗਈ।”
ਉਨ੍ਹਾਂ ਦੱਸਿਆ ਕਿ ਇਹ ਪਤਾ ਲਗਾਉਣ ਲਈ ਅੰਦਰੂਨੀ ਜਾਂਚ ਜਾਰੀ ਹੈ ਕਿ ਤਸਵੀਰਾਂ ਕਿਸ ਉਪਕਰਨ ਨਾਲ ਲਈਆਂ ਗਈਆਂ ਅਤੇ ਉਹ ਉਪਕਰਨ ਪ੍ਰੀਖਿਆ ਕਮਰੇ ਤੱਕ ਕਿਵੇਂ ਪਹੁੰਚਿਆ। ਸਾਲ 2023-26 ਬੈਚ ਦੀਆਂ ਮੈਡੀਕਲ ਪੀ.ਜੀ ਪ੍ਰੀਖਿਆਵਾਂ ਦੇ ਥਿਊਰੀ ਪੇਪਰ 21 ਜੁਲਾਈ ਤੋਂ ਸ਼ੁਰੂ ਹੋਏ ਹਨ। ਇਸ ਪ੍ਰੀਖਿਆ ਦੇ ਦੋ ਹੋਰ ਪੇਪਰ 1 ਅਤੇ 5 ਅਗਸਤ ਨੂੰ ਹੋਣੇ ਹਨ। ਐਮ.ਕੇ.ਸੀ.ਜੀ. ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਕੁੱਲ 154 ਵਿਦਿਆਰਥੀ ਇਸ ਪ੍ਰੀਖਿਆ ਵਿੱਚ ਸ਼ਾਮਲ ਹੋ ਰਹੇ ਹਨ।












