ਜਕਾਰਤਾ: ਇੰਡੋਨੇਸ਼ੀਆ ਦੇ ਅਨਕ ਕ੍ਰਾਕਾਟੋਆ ਜਵਾਲਾਮੁਖੀ ਅੱਜ ਤੜਕੇ ਫਟਣ ਨਾਲ ਪੱਛਮੀ ਇੰਡੋਨੇਸ਼ੀਆ ਦੇ ਕੁਝ ਹਿੱਸਿਆਂ ਵਿੱਚ ਸੁਆਹ ਫੈਲ ਗਈ, ਜਿਸ ਕਾਰਨ ਜਕਾਰਤਾ ਦੇ ਸੁਕਾਰਨੋ-ਹੱਟਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਇੰਡੋਨੇਸ਼ੀਆ ਦੀ ਭੂ-ਵਿਗਿਆਨ ਏਜੰਸੀ ਮੁਤਾਬਕ ਜਾਵਾ ਅਤੇ ਸੁਮਾਤਰਾ ਦੇ ਪ੍ਰਮੁੱਖ ਟਾਪੂਆਂ ਦੇ ਵਿਚਕਾਰ ਸੁੰਡਾ ਸਟ੍ਰੇਟ ‘ਚ ਸਥਿਤ ਇਸ ਜਵਾਲਾਮੁਖੀ ਟਾਪੂ ‘ਤੇ ਬੀਤੇ ਦਿਨ ਸਰਗਰਮੀ ਵਧਣ ਦੇ ਸੰਕੇਤ ਮਿਲੇ ਸਨ।
ਅੱਜ ਸਵੇਰੇ 3:53 ਵਜੇ ਕਰੀਬ 30 ਸਕਿੰਟਾਂ ਲਈ ਜਵਾਲਾਮੁਖੀ ਫਟਿਆ। ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਅਤੇ ਨਾ ਹੀ ਲੋਕਾਂ ਨੂੰ ਉਥੋਂ ਹਟਾਉਣ ਦਾ ਕੋਈ ਹੁਕਮ ਜਾਰੀ ਕੀਤਾ ਗਿਆ ਹੈ। ਜਵਾਲਾਮੁਖੀ ਦਾ ਸਭ ਤੋਂ ਨਜ਼ਦੀਕੀ ਬਸਤੀ ਲਗਭਗ 16 ਕਿਲੋਮੀਟਰ ਦੂਰ ਹੈ। ਹਾਲਾਂਕਿ, ਏਜੰਸੀ ਨੇ ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਜਵਾਲਾਮੁਖੀ ਦੇ ਸਰਗਰਮ ਸਥਾਨ ਤੋਂ ਘੱਟੋ-ਘੱਟ ਤਿੰਨ ਕਿਲੋਮੀਟਰ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਹੈ।
ਇੰਡੋਨੇਸ਼ੀਆ ਦੇ ਜਵਾਲਾਮੁਖੀ ਵਿਗਿਆਨ ਅਤੇ ਭੂ-ਵਿਗਿਆਨਕ ਆਫ਼ਤ ਮਿਟੀਗੇਸ਼ਨ ਸੈਂਟਰ ਨੇ ਕਿਹਾ ਕਿ ਜਵਾਲਾਮੁਖੀ ਦੀ ਸੁਆਹ ਰਾਜਧਾਨੀ ਜਕਾਰਤਾ ਅਤੇ ਸੁਮਾਤਰਾ ਟਾਪੂ ਦੇ ਦੱਖਣੀ ਸਿਰੇ ‘ਤੇ ਲੈਮਪੁੰਗ ਸੂਬੇ ਦੇ ਕੁਝ ਹਿੱਸਿਆਂ ਵਿੱਚ ਫੈਲ ਗਈ।
ਏਅਰਪੋਰਟ ਨੇ ਅੱਜ ਸਵੇਰੇ ਜਾਰੀ ਕੀਤੀ ਐਡਵਾਈਜ਼ਰੀ ਵਿੱਚ ਕਿਹਾ ਕਿ ਮਾਊਂਟ ਅਨਾਕ ਕ੍ਰਾਕਾਟੋਆ ਦੀ ਵਧਦੀ ਜਵਾਲਾਮੁਖੀ ਗਤੀਵਿਧੀ ਕਾਰਨ ਸੁਕਾਰਨੋ-ਹੱਟਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਫਲਾਈਟ ਸੰਚਾਲਨ ਅਸਥਾਈ ਤੌਰ ‘ਤੇ ਸਵੇਰੇ 5:30 ਵਜੇ ਤੋਂ ਸਵੇਰੇ 9:30 ਵਜੇ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।
ਯਾਤਰੀਆਂ ਨੇ ‘ਰਿਫੰਡ’ ਦੀ ਮੰਗ ਕੀਤੀ ਅਤੇ ਦੇਸ਼ ਦੇ ਸਭ ਤੋਂ ਵਿਅਸਤ ਹਵਾਈ ਅੱਡੇ ‘ਤੇ ਆਪਣਾ ਚੈੱਕ-ਇਨ ਕੀਤਾ ਸਾਮਾਨ ਵਾਪਸ ਲੈ ਲਿਆ ਜਦੋਂ ਕਿ ਰਵਾਨਗੀ ਬੋਰਡਾਂ ‘ਤੇ ਰੱਦ ਕੀਤੀਆਂ ਉਡਾਣਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇੰਡੋਨੇਸ਼ੀਆ ਦੀ ਜਵਾਲਾਮੁਖੀ ਵਿ ਗਿਆਨ ਏਜੰਸੀ ਅਤੇ ਆਸਟ੍ਰੇਲੀਆ ਦੇ ਡਾਰਵਿਨ ਜਵਾਲਾਮੁਖੀ ਐਸ਼ ਐਡਵਾਈਜ਼ਰੀ ਸੈਂਟਰ ਨੇ ਸੈਟੇਲਾਈਟ ਚਿੱਤਰਾਂ ਦੇ ਆਧਾਰ ‘ਤੇ ਦੋ ਸੁਆਹ ਦੇ ਪਲਮਾਂ ਦੀ ਪਛਾਣ ਕੀਤੀ ।
ਸੁਆਹ ਦਾ ਪਹਿਲਾ ਗੁਬਾਰ 20,000 ਫੁੱਟ ਦੀ ਉਚਾਈ ‘ਤੇ ਪਹੁੰਚ ਗਿਆ ਅਤੇ ਉੱਤਰ-ਪੂਰਬ ਦਿਸ਼ਾ ਵੱਲ ਵਧ ਰਿਹਾ ਸੀ। ਇਸ ਨੇ ਜਕਾਰਤਾ, ਬੈਨਟੇਨ, ਪੱਛਮੀ ਜਾਵਾ ਅਤੇ ਆਸਪਾਸ ਦੇ ਸਮੁੰਦਰੀ ਖੇਤਰਾਂ ਨੂੰ ਪ੍ਰਭਾਵਿਤ ਕੀਤਾ। ਸੁਆਹ ਦਾ ਦੂਜਾ ਬੱਦਲ 50,000 ਫੁੱਟ ਦੀ ਉਚਾਈ ‘ਤੇ ਪਹੁੰਚ ਗਿਆ ਅਤੇ ਪੱਛਮ ਅਤੇ ਉੱਤਰ-ਪੱਛਮ ਦਿਸ਼ਾ ਵੱਲ ਵਧ ਰਿਹਾ ਸੀ। ਇਸ ਨੇ ਬੈਨਟੇਨ, ਲੈਮਪੁੰਗ ਅਤੇ ਬੇਂਗਕੁਲੂ ਪ੍ਰਾਂਤਾਂ, ਦੱਖਣੀ ਸੁੰਡਾ ਸਟ੍ਰੇਟ ਅਤੇ ਸੁਮਾਤਰਾ ਦੇ ਪੱਛਮ ਵਿੱਚ ਹਿੰਦ ਮਹਾਸਾਗਰ ਦੇ ਕੁਝ ਹਿੱਸਿਆਂ ਨੂੰ ਪ੍ਰਭਾਵਿਤ ਕੀਤਾ।
