ਮੈਡ੍ਰਿਡ: ਸਪੇਨ ਵਿੱਚ ਇੱਕ ਵਾਰ ਫਿਰ ਭਿਆਨਕ ਰੇਲ ਹਾਦਸੇ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅੱਜ ਸਵੇਰੇ ਮੱਧ ਸਪੇਨ ਦੇ ਤੋਲੇਦੋ ਸੂਬੇ ਵਿੱਚ ਦੋ ਤੇਜ਼ ਰਫ਼ਤਾਰ ਟਰੇਨਾਂ ਦੀ ਟੱਕਰ ਹੋ ਗਈ। ਖੇਤਰੀ ਸਰਕਾਰ ਦੀ ਬੁਲਾਰਨ ਐਸਤਰ ਪਾਦੀਆ ਨੇ ਘੱਟੋ-ਘੱਟ 10 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਖ਼ਦਸ਼ਾ ਜਤਾਇਆ ਹੈ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ।
ਸਪੇਨ ਦੇ ਸਰਕਾਰੀ ਰੇਲਵੇ ਬੁਨਿਆਦੀ ਢਾਂਚੇ ਦਾ ਪ੍ਰਬੰਧਨ ਕਰਨ ਵਾਲੀ ਸੰਸਥਾ ਅਦੀਫ਼ ਮੁਤਾਬਕ, ਇਹ ਹਾਦਸਾ ਮੈਡ੍ਰਿਡ ਤੋਂ ਸੇਵਿਲ ਜਾਣ ਵਾਲੀ ਰੇਲਵੇ ਲਾਈਨ ’ਤੇ ਵਾਪਰਿਆ। ਹਾਦਸੇ ਤੋਂ ਬਾਅਦ ਮੈਡ੍ਰਿਡ ਅਤੇ ਦੱਖਣੀ ਖੇਤਰ ਅੰਦਾਲੂਸੀਆ ਵਿਚਕਾਰ ਰੇਲ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।
ਸਪੇਨ ਦੇ ਸਰਕਾਰੀ ਪ੍ਰਸਾਰਕ ਟੀ.ਵੀ.ਈ. ਦੀ ਰਿਪੋਰਟ ਅਨੁਸਾਰ, ਇੱਕ ਤੇਜ਼ ਰਫ਼ਤਾਰ ਟਰੇਨ ਅੱਗੇ ਜਾ ਰਹੀ ਦੂਜੀ ਟਰੇਨ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਦੋ ਡੱਬੇ ਪਟੜੀ ਤੋਂ ਉਤਰ ਗਏ। ਇੱਕ ਖੇਤਰੀ ਨਿਊਜ਼ ਚੈਨਲ ਵੱਲੋਂ ਪ੍ਰਸਾਰਿਤ ਦ੍ਰਿਸ਼ਾਂ ਵਿੱਚ ਪਟੜੀ ਤੋਂ ਉਤਰੀ ਟਰੇਨ ਦਾ ਇੱਕ ਡੱਬਾ ਉੱਚੇ ਰੇਲ ਮਾਰਗ ’ਤੇ ਦਿਖਾਈ ਦਿੱਤਾ।
ਰੇਲਵੇ ਲਾਈਨ ਦੇ ਹੇਠਾਂ ਢਲਾਣ ’ਤੇ ਟੁੱਟੇ ਹੋਏ ਪੈਨਲ, ਮੁੜਿਆ ਹੋਇਆ ਲੋਹਾ ਅਤੇ ਹਾਦਸਾਗ੍ਰਸਤ ਡੱਬਿਆਂ ਦਾ ਮਲਬਾ ਖਿੱਲਰਿਆ ਹੋਇਆ ਨਜ਼ਰ ਆਇਆ। ਹਾਦਸੇ ਵਿੱਚ ਕਿੰਨੇ ਲੋਕ ਜ਼ਖ਼ਮੀ ਹੋਏ ਹਨ, ਇਸ ਬਾਰੇ ਤੁਰੰਤ ਪੂਰੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਅਧਿਕਾਰੀਆਂ ਨੂੰ ਖ਼ਦਸ਼ਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ।
