ਮੁੰਬਈ: ਬਾਲੀ ਵਿੱਚ ਇੱਕ ਹਾਦਸੇ ਦੌਰਾਨ ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਜ਼ਖ਼ਮੀ ਹੋ ਗਈ ਹੈ। ਉਨ੍ਹਾਂ ਦੀ ਪ੍ਰਚਾਰ ਟੀਮ ਮੁਤਾਬਕ ਅਦਾਕਾਰਾ ਦੀ ਰੀੜ੍ਹ ਦੀ ਹੱਡੀ ਵਿੱਚ ਫ੍ਰੈਕਚਰ ਹੋਇਆ ਹੈ ਅਤੇ ਇਸ ਸਮੇਂ ਉਹ ਬਾਲੀ ਦੇ ਇੱਕ ਹਸਪਤਾਲ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਕਰਵਾ ਰਹੀ ਹੈ।
ਮੁੰਬਈ ਲਿਆਉਣ ਦੀ ਕੀਤੀ ਜਾ ਰਹੀ ਤਿਆਰੀ
ਨੁਸਰਤ ਭਰੂਚਾ ਕੰਮ ਦੇ ਨਾਲ ਛੁੱਟੀਆਂ ਮਨਾਉਣ ਲਈ ਬਾਲੀ ਗਈ ਸੀ। ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਰੀੜ੍ਹ ਦੀ ਹੱਡੀ ਵਿੱਚ ਫ੍ਰੈਕਚਰ ਦੀ ਪੁਸ਼ਟੀ ਕੀਤੀ।
ਪ੍ਰਚਾਰ ਟੀਮ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਡਾਕਟਰਾਂ ਦੀ ਸਲਾਹ ਤੋਂ ਬਾਅਦ ਨੁਸਰਤ ਦੀ ਸਰਜਰੀ ਕੀਤੀ ਜਾਵੇਗੀ। ਉਨ੍ਹਾਂ ਨੂੰ ਬਿਹਤਰ ਇਲਾਜ ਲਈ ਏਅਰ ਐਂਬੂਲੈਂਸ ਰਾਹੀਂ ਬਾਲੀ ਤੋਂ ਮੁੰਬਈ ਲਿਆਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।

ਕੁਝ ਹਫ਼ਤਿਆਂ ਤੱਕ ਕੰਮ ਤੋਂ ਰਹਿ ਸਕਦੀ ਹੈ ਦੂਰ
ਟੀਮ ਮੁਤਾਬਕ ਸੱਟ ਦੀ ਗੰਭੀਰਤਾ ਅਤੇ ਹੋਣ ਵਾਲੀ ਸਰਜਰੀ ਨੂੰ ਦੇਖਦੇ ਹੋਏ ਨੁਸਰਤ ਨੂੰ ਠੀਕ ਹੋਣ ਲਈ ਕਾਫ਼ੀ ਆਰਾਮ ਦੀ ਲੋੜ ਪਵੇਗੀ। ਇਸ ਕਾਰਨ ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਉਨ੍ਹਾਂ ਦੇ ਕੰਮਕਾਜ ’ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ।
ਪ੍ਰਚਾਰ ਟੀਮ ਨੇ ਪ੍ਰਸ਼ੰਸਕਾਂ ਅਤੇ ਲੋਕਾਂ ਨੂੰ ਅਦਾਕਾਰਾ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਉਹ ਆਪਣਾ ਪੂਰਾ ਧਿਆਨ ਇਲਾਜ ਅਤੇ ਸਿਹਤਯਾਬੀ ’ਤੇ ਦੇ ਸਕਣ।
‘ਪਿਆਰ ਕਾ ਪੰਚਨਾਮਾ’ ਨਾਲ ਮਿਲੀ ਸੀ ਖਾਸ ਪਛਾਣ
ਨੁਸਰਤ ਭਰੂਚਾ ਨੇ 2006 ਵਿੱਚ ‘ਜੈ ਸੰਤੋਸ਼ੀ ਮਾਂ’ ਰਾਹੀਂ ਅਦਾਕਾਰੀ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ। ਹਾਲਾਂਕਿ ਉਨ੍ਹਾਂ ਨੂੰ ਵੱਡੀ ਪਛਾਣ ‘ਲਵ ਸੈਕਸ ਔਰ ਧੋਖਾ’ ਅਤੇ ਇਸ ਤੋਂ ਬਾਅਦ ‘ਪਿਆਰ ਕਾ ਪੰਚਨਾਮਾ’ ਵਰਗੀਆਂ ਫ਼ਿਲਮਾਂ ਨਾਲ ਮਿਲੀ।
ਅਦਾਕਾਰਾ ਆਉਣ ਵਾਲੇ ਸਮੇਂ ਵਿੱਚ ਰੇਮੋ ਡੀਸੂਜ਼ਾ ਦੀ ਨਿਰਦੇਸ਼ਨਾ ਹੇਠ ਬਣ ਰਹੀ ਇੱਕ ਐਕਸ਼ਨ ਫ਼ਿਲਮ ਵਿੱਚ ਟਾਈਗਰ ਸ਼ਰੌਫ਼ ਨਾਲ ਵੀ ਨਜ਼ਰ ਆਵੇਗੀ।












