Home ਪੰਜਾਬ ਅੰਮ੍ਰਿਤਸਰ ਮੰਡੀ ਜਾਂਦੇ ਸਮੇਂ ਹਾਦਸਾ, ਟਰੈਕਟਰ ਚਾਲਕ ਦੀ ਮੌਕੇ ’ਤੇ ਮੌਤ

ਅੰਮ੍ਰਿਤਸਰ ਮੰਡੀ ਜਾਂਦੇ ਸਮੇਂ ਹਾਦਸਾ, ਟਰੈਕਟਰ ਚਾਲਕ ਦੀ ਮੌਕੇ ’ਤੇ ਮੌਤ

0

ਝਬਾਲ: ਅੰਮ੍ਰਿਤਸਰ-ਝਬਾਲ ਰੋਡ ’ਤੇ ਬਾਬਾ ਬੁੱਢਾ ਸਾਹਿਬ ਜੀ ਦੇ ਮੋੜ ਨੇੜੇ ਪਿੰਡ ਠੱਠਾ ਵਿਖੇ ਬੁੱਧਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਝੋਨੇ ਨਾਲ ਭਰੀ ਟਰੈਕਟਰ-ਟਰਾਲੀ ਨੂੰ ਪਿੱਛੋਂ ਆ ਰਹੇ ਇੱਕ ਟੈਂਕਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਟਰੈਕਟਰ-ਟਰਾਲੀ ਸੜਕ ’ਤੇ ਪਲਟ ਗਈ, ਜਿਸ ਕਾਰਨ ਟਰੈਕਟਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਨਾਲ ਬੈਠਾ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ, ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਚੀਮਾ ਖੁਰਦ ਦੇ ਵਸਨੀਕ ਮੋਹਕਮ ਸਿੰਘ ਪੁੱਤਰ ਨਿੰਦਰ ਸਿੰਘ ਅਤੇ ਸਰਮੁੱਖ ਸਿੰਘ ਟਰੈਕਟਰ-ਟਰਾਲੀ ’ਤੇ ਝੋਨਾ ਲੈ ਕੇ ਅੰਮ੍ਰਿਤਸਰ ਦੀ ਦਾਣਾ ਮੰਡੀ ਵੱਲ ਜਾ ਰਹੇ ਸਨ।

ਜਦੋਂ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਮੋੜ ਨੇੜੇ ਠੱਠਾ ਪਹੁੰਚੇ ਤਾਂ ਪਿੱਛੋਂ ਆਏ ਇੱਕ ਟੈਂਕਰ ਨੇ ਉਨ੍ਹਾਂ ਦੀ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਟਰੈਕਟਰ-ਟਰਾਲੀ ਸੜਕ ’ਤੇ ਪਲਟ ਗਈ।

ਹਾਦਸੇ ਵਿੱਚ ਟਰੈਕਟਰ ਚਲਾ ਰਹੇ ਮੋਹਕਮ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਸਰਮੁੱਖ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਹਾਦਸੇ ਦੀ ਸੂਚਨਾ ਮਿਲਣ ’ਤੇ ਥਾਣਾ ਝਬਾਲ ਦੀ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੇ ਕਾਰਨਾਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version