ਜਲੰਧਰ : ਗੁਰੂ ਨਾਨਕ ਨਗਰ ‘ਚ ਬੀਤੀ ਦੇਰ ਰਾਤ ਅੰਨ੍ਹੇਵਾਹ ਗੋਲੀਬਾਰੀ ਹੋ ਗਈ। ਬਾਈਕ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਘਰ ਦੇ ਬਾਹਰ ਖੜ੍ਹੀ ਗੱਡੀ ‘ਤੇ ਚਾਰ ਗੋਲੀਆਂ ਚਲਾਈਆਂ ਅਤੇ ਘਰ ‘ਤੇ ਵੀ ਦੋ ਗੋਲੀਆਂ ਚਲਾਈਆਂ। ਗੋਲੀਬਾਰੀ ਕਾਰਨ ਰਿਹਾਇਸ਼ੀ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਏ.ਸੀ.ਪੀ. ਉੱਤਰੀ ਕਰਨੈਲ ਸਿੰਘ, ਸੀ.ਆਈ.ਏ. ਸਟਾਫ਼ ਇੰਚਾਰਜ ਰਵਿੰਦਰ ਕੁਮਾਰ ਅਤੇ ਥਾਣਾ 1 ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ।
ਸਥਾਨਕ ਲੋਕਾਂ ਨੇ ਦੱਸਿਆ ਕਿ ਸਾਹਿਲ ਨਾਂ ਦਾ ਨੌਜਵਾਨ ਕੁਝ ਮਹੀਨਿਆਂ ਤੋਂ ਗੁਰੂ ਨਾਨਕ ਨਗਰ ਵਿੱਚ ਕਿਰਾਏ ’ਤੇ ਰਹਿ ਰਿਹਾ ਹੈ। ਉਸ ਦਾ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ ਬਹੁਤਾ ਸੰਪਰਕ ਨਹੀਂ ਹੈ। ਲੋਕਾਂ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਲੋਕ ਡਰ ਗਏ। ਪਹਿਲਾਂ ਤਾਂ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲੇ ਪਰ ਜਦੋਂ ਗੋਲੀਆਂ ਚੱਲਣ ਦੀ ਆਵਾਜ਼ ਬੰਦ ਹੋਈ ਤਾਂ ਉਨ੍ਹਾਂ ਨੇ ਬਾਹਰ ਆ ਕੇ ਦੇਖਿਆ ਕਿ ਬਾਈਕ ਸਵਾਰ ਦੋ ਨਕਾਬਪੋਸ਼ ਨੌਜਵਾਨ ਬੜੀ ਤੇਜ਼ੀ ਨਾਲ ਜਾ ਰਹੇ ਸਨ। ਕੁਝ ਲੋਕਾਂ ਨੇ ਇਸ ਨੂੰ ਪਟਾਕਿਆਂ ਦੀ ਆਵਾਜ਼ ਸਮਝ ਕੇ ਕੋਈ ਪਰਵਾਹ ਨਹੀਂ ਕੀਤੀ ਪਰ ਜਿਵੇਂ ਹੀ ਇਲਾਕੇ ‘ਚ ਫਾਇ ਰਿੰਗ ਦੀ ਖ਼ਬਰ ਫੈਲੀ ਤਾਂ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਦਰਅਸਲ ਬਾਈਕ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਸਾਹਿਲ ਨਾਂ ਦੇ ਨੌਜਵਾਨ ਦੀ ਗੱਡੀ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉਸ ਦੇ ਘਰ ‘ਤੇ ਵੀ ਗੋਲੀਆਂ ਚਲਾਈਆਂ। ਸਾਹਿਲ ਆਪਣੇ ਮਾਤਾ-ਪਿਤਾ ਅਤੇ ਪਤਨੀ ਨਾਲ ਕਿਰਾਏ ਦੇ ਮਕਾਨ ‘ਚ ਰਹਿੰਦਾ ਹੈ। ਭਾਵੇਂ ਇਲਾਕੇ ਦੇ ਲੋਕਾਂ ਅਨੁਸਾਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਾਹਿਲ ਕੀ ਕੰਮ ਕਰਦਾ ਹੈ ਪਰ ਇਸ ਪਰਿਵਾਰ ਦਾ ਆਸ-ਪਾਸ ਰਹਿਣ ਵਾਲੇ ਲੋਕਾਂ ਨਾਲ ਕੋਈ ਲੈਣ-ਦੇਣ ਨਹੀਂ ਹੈ। ਗੋਲੀਬਾਰੀ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਏ.ਸੀ.ਪੀ. ਉੱਤਰੀ ਕਰਨੈਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੀ.ਸੀ.ਟੀ.ਵੀ. ਵਿੱਚ ਕੁਝ ਸ਼ੱਕੀ ਲੋਕ ਕੈਦ ਹੋਏ ਹਨ , ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ । ਏ.ਸੀ.ਪੀ. ਨੇ ਕਿਹਾ ਕਿ ਜਲਦੀ ਹੀ ਮਾਮਲੇ ਦਾ ਪਤਾ ਲਗਾ ਕੇ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ।










