ਕੰਪਨੀ ਮੁਤਾਬਕ, ਇਹ ਸਮੱਸਿਆ ਸੀਮਤ ਗਿਣਤੀ ਵਿੱਚ ਆਈਫੋਨ ਡੂਓ ਯੂਨਿਟਾਂ ਵਿੱਚ ਸਾਹਮਣੇ ਆਈ ਹੈ। ਪ੍ਰਭਾਵਿਤ ਗਾਹਕਾਂ ਨੂੰ ਐਪਲਕੇਅਰ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ, ਜਿੱਥੋਂ ਉਹ ਬਦਲਵਾਂ ਫੋਨ ਲੈ ਸਕਦੇ ਹਨ। ਹਾਲਾਂਕਿ, ਕੰਪਨੀ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਕਿ ਸਕਰੀਨ ਵਿੱਚ ਤਰੇੜਾਂ ਪੈਣ ਦਾ ਅਸਲ ਕਾਰਨ ਕੀ ਹੈ ਅਤੇ ਕੁੱਲ ਕਿੰਨੇ ਫੋਨ ਇਸ ਸਮੱਸਿਆ ਨਾਲ ਪ੍ਰਭਾਵਿਤ ਹੋਏ ਹਨ।
ਯੂਜ਼ਰਾਂ ਦੀਆਂ ਰਿਪੋਰਟਾਂ ਮੁਤਾਬਕ, ਸਕਰੀਨ ’ਤੇ ਨੁਕਸਾਨ ਜ਼ਿਆਦਾਤਰ ਉਸ ਥਾਂ ’ਤੇ ਦਿਖਾਈ ਦੇ ਰਿਹਾ ਹੈ, ਜਿੱਥੇ ਫੋਨ ਵਿਚਕਾਰੋਂ ਮੁੜਦਾ ਹੈ। ਕੁਝ ਮਾਮਲਿਆਂ ਵਿੱਚ ਸਕਰੀਨ ’ਤੇ ਚਮਕਦਾਰ ਲਾਈਨਾਂ ਅਤੇ ਪਿਕਸਲ ਖਰਾਬ ਹੋਣ ਦੀਆਂ ਸ਼ਿਕਾਇਤਾਂ ਵੀ ਆਈਆਂ ਹਨ। ਕੁਝ ਗਾਹਕਾਂ ਨੇ ਦੱਸਿਆ ਕਿ ਫੋਨ ਖੋਲ੍ਹਣ ਅਤੇ ਬੰਦ ਕਰਨ ਦੇ ਕੁਝ ਸਮੇਂ ਬਾਅਦ ਹੀ ਇਹ ਸਮੱਸਿਆ ਆ ਗਈ।
ਮੁਰੰਮਤ ਮਾਹਿਰਾਂ ਨੇ ਹਿੱਜ ਅਤੇ ਸਕਰੀਨ ਦੇ ਅੰਦਰੂਨੀ ਹਿੱਸਿਆਂ ’ਤੇ ਦਬਾਅ ਨੂੰ ਸੰਭਾਵਿਤ ਕਾਰਨ ਦੱਸਿਆ ਹੈ, ਪਰ ਐਪਲ ਨੇ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ।
ਭਾਰਤ ਵਿੱਚ ਆਈਫੋਨ ਡੂਓ ਦੀ ਸ਼ੁਰੂਆਤੀ ਕੀਮਤ ਲਗਭਗ 2,99,900 ਰੁਪਏ ਹੈ, ਜਦਕਿ ਉੱਚ ਸਟੋਰੇਜ ਵਾਲੇ ਮਾਡਲ ਦੀ ਕੀਮਤ 4.5 ਲੱਖ ਰੁਪਏ ਤੱਕ ਜਾਂਦੀ ਹੈ। ਮਹਿੰਗੇ ਫੋਨ ਵਿੱਚ ਸਾਹਮਣੇ ਆਈ ਇਸ ਸਮੱਸਿਆ ਕਾਰਨ ਇਸ ਦੀ ਮਜ਼ਬੂਤੀ ਅਤੇ ਗੁਣਵੱਤਾ ਬਾਰੇ ਸਵਾਲ ਉੱਠ ਰਹੇ ਹਨ।










