ਨੀਰਜ ਯਾਦਵ ਪੈਰਾ ਐਥਲੈਟਿਕਸ ਦੇ F55 ਵਰਗ ਵਿੱਚ ਮੁਕਾਬਲਾ ਕਰਦੇ ਸਨ। ਇਸ ਵਰਗ ਵਿੱਚ ਖਿਡਾਰੀ ਬੈਠ ਕੇ ਜੈਵਲਿਨ, ਡਿਸਕਸ ਅਤੇ ਸ਼ਾਟਪੁੱਟ ਵਰਗੇ ਥਰੋਅ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ। ਉਨ੍ਹਾਂ ਨੇ 2018 ਵਿੱਚ ਜਕਾਰਤਾ ਏਸ਼ਿਆਈ ਪੈਰਾ ਖੇਡਾਂ ਦੌਰਾਨ ਜੈਵਲਿਨ ਥਰੋਅ ਵਿੱਚ ਸੋਨ ਤਮਗ਼ਾ ਜਿੱਤਿਆ ਸੀ। ਇਸ ਤੋਂ ਬਾਅਦ 2023 ਵਿੱਚ ਹਾਂਗਝੂ ਵਿਖੇ ਜੈਵਲਿਨ ਅਤੇ ਡਿਸਕਸ ਥਰੋਅ ਵਿੱਚ ਦੋ ਹੋਰ ਸੋਨ ਤਮਗ਼ੇ ਜਿੱਤ ਕੇ ਆਪਣੀ ਕਾਮਯਾਬੀ ਦਾ ਸਿਲਸਿਲਾ ਜਾਰੀ ਰੱਖਿਆ।
ਨੀਰਜ ਨੂੰ ਬਚਪਨ ਵਿੱਚ ਪੋਲੀਓ ਤੋਂ ਬਾਅਦ ਹੋਣ ਵਾਲੀ ਅਧਰੰਗ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਖੇਡਾਂ ਵਿੱਚ ਆਪਣੀ ਪਛਾਣ ਬਣਾਈ। ਉਹ ਪਹਿਲਾਂ ਵ੍ਹੀਲਚੇਅਰ ਟੈਨਿਸ ਖੇਡਦੇ ਸਨ ਅਤੇ ਬਾਅਦ ਵਿੱਚ ਪੈਰਾ ਐਥਲੈਟਿਕਸ ਵੱਲ ਆਏ।
ਉਨ੍ਹਾਂ ਦੇ ਕਰੀਅਰ ’ਤੇ ਡੋਪਿੰਗ ਮਾਮਲੇ ਦਾ ਵੀ ਅਸਰ ਪਿਆ। ਅਕਤੂਬਰ 2023 ਵਿੱਚ ਬੈਂਗਲੁਰੂ ਵਿੱਚ ਲਏ ਗਏ ਨਮੂਨੇ ਵਿੱਚ ਪਾਬੰਦੀਸ਼ੁਦਾ ਸਟੀਰਾਇਡ ਸਟੈਨੋਜ਼ੋਲੋਲ ਮਿਲਣ ਤੋਂ ਬਾਅਦ ਰਾਸ਼ਟਰੀ ਐਂਟੀ-ਡੋਪਿੰਗ ਏਜੰਸੀ ਨੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ। ਉਨ੍ਹਾਂ ’ਤੇ ਚਾਰ ਸਾਲ ਦੀ ਪਾਬੰਦੀ ਲੱਗੀ ਸੀ, ਜਿਸ ਕਾਰਨ ਉਹ 2026 ਦੀਆਂ ਏਸ਼ਿਆਈ ਪੈਰਾ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕੇ। ਕੋਚ ਨੇ ਸੰਭਾਵਨਾ ਜਤਾਈ ਕਿ ਇਸ ਕਾਰਨ ਉਨ੍ਹਾਂ ਨੂੰ ਮਾਨਸਿਕ ਤਣਾਅ ਹੋ ਸਕਦਾ ਸੀ, ਪਰ ਮੌਤ ਨਾਲ ਇਸ ਦਾ ਕੋਈ ਸਿੱਧਾ ਸਬੰਧ ਅਜੇ ਸਥਾਪਤ ਨਹੀਂ ਹੋਇਆ।










