ਪ੍ਰਸਤਾਵਿਤ ਪੁਨਰਗਠਨ ਦੀ ਇੱਕ ਹੋਰ ਅਹਿਮ ਗੱਲ ਇਹ ਹੈ ਕਿ RSS ਵਿੱਚ ਪਹਿਲੀ ਵਾਰ ਰਾਜ ਪੱਧਰ ’ਤੇ ਵੱਖਰੀਆਂ ਸੰਗਠਨਾਤਮਕ ਇਕਾਈਆਂ ਬਣਾਈਆਂ ਜਾਣਗੀਆਂ। ਇਸ ਢਾਂਚੇ ਵਿੱਚ ਰਾਜ ਪ੍ਰਚਾਰਕ ਅਤੇ ਰਾਜ ਕਾਰਜਵਾਹ ਮੁੱਖ ਅਹੁਦੇਦਾਰ ਹੋਣਗੇ। ਪ੍ਰਸਤਾਵਿਤ ਵਿਵਸਥਾ ਵਿੱਚ ਰਾਜ ਸੰਘਚਾਲਕ ਦਾ ਅਹੁਦਾ ਸ਼ਾਮਲ ਨਹੀਂ ਹੋਵੇਗਾ।
ਇਹ ਬਦਲਾਅ ਸੰਘ ਦੀਆਂ ਅੰਦਰੂਨੀ ਪ੍ਰਬੰਧਕੀ ਇਕਾਈਆਂ ਅਤੇ ਕੰਮਕਾਜ ਦੇ ਤਰੀਕੇ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਦੇ ਨਾਲ ਹੀ ਸੰਗਠਨ ਦੀਆਂ ਅਹਿਮ ਮੀਟਿੰਗਾਂ ਦੇ ਸਮੇਂ ਵਿੱਚ ਵੀ ਤਬਦੀਲੀਆਂ ਪ੍ਰਸਤਾਵਿਤ ਹਨ। ਰਿਪੋਰਟਾਂ ਅਨੁਸਾਰ, ਸੰਘ ਦੀ ਸਰਵਉੱਚ ਫੈਸਲਾ ਲੈਣ ਵਾਲੀ ਇਕਾਈ ਅਖਿਲ ਭਾਰਤੀ ਪ੍ਰਤੀਨਿਧੀ ਸਭਾ ਦੀ ਮੀਟਿੰਗ ਹਰ ਸਾਲ ਦੀ ਥਾਂ ਹਰ ਤੀਜੇ ਸਾਲ ਨਾਗਪੁਰ ਵਿੱਚ ਕਰਵਾਉਣ ਦੀ ਯੋਜਨਾ ਹੈ। ਖੇਤਰ ਪੱਧਰੀ ਮੀਟਿੰਗਾਂ ਹਰ ਦੋ ਸਾਲ ਬਾਅਦ ਹੋ ਸਕਦੀਆਂ ਹਨ।
RSS ਦੀ ਅਖਿਲ ਭਾਰਤੀ ਕਾਰਜਕਾਰੀ ਮੰਡਲ ਦੀ ਤਿੰਨ ਦਿਨਾਂ ਸਾਲਾਨਾ ਮੀਟਿੰਗ 2 ਤੋਂ 4 ਨਵੰਬਰ ਤੱਕ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਹੋਵੇਗੀ। ਇਸ ਵਿੱਚ ਸੰਗਠਨਾਤਮਕ ਪੁਨਰਗਠਨ, ਸ਼ਤਾਬਦੀ ਵਰ੍ਹੇ ਦੀਆਂ ਗਤੀਵਿਧੀਆਂ ਦੀ ਸਮੀਖਿਆ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਹੋਵੇਗਾ। ਅੰਤਿਮ ਢਾਂਚੇ ਬਾਰੇ ਫੈਸਲਾ ਮੀਟਿੰਗ ਵਿੱਚ ਹੋਣ ਵਾਲੀ ਚਰਚਾ ਤੋਂ ਬਾਅਦ ਸਾਹਮਣੇ ਆਵੇਗਾ।










