ਫ਼ਿਰੋਜ਼ਪੁਰ : ਫ਼ਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਜ਼ੀਰਾ ਦੇ ਕਸਬਾ ਮੱਖੂ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੰਜਾਬ ਪੁਲਿਸ ਦੇ ਐਸ.ਐਚ.ਓ. ਗੁਰਦਿਆਲ ਸਿੰਘ ਨੇ ਫਿਰੋਜ਼ਪੁਰ ਫੀਡਰ ਨਹਿਰ ਵਿੱਚ ਛਾਲ ਮਾਰ ਦਿੱਤੀ। ਫਿਲਹਾਲ ਉਸ ਬਾਰੇ ਹਾਲੇ ਕੁਝ ਪਤਾ ਨਹੀਂ ਲੱਗਾ ਹੈ। ਪੁਲਿਸ ਅਧਿਕਾਰੀ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਵਿਧਾਨ ਸਭਾ ਹਲਕੇ ਦੇ ਵਸਨੀਕ ਸਨ ਅਤੇ ਫਿਰੋਜ਼ਪੁਰ ਮੱਖੂ ਵਿੱਚ 112 ਹੈਲਪਲਾਈਨ ’ਤੇ ਤਾਇਨਾਤ ਸਨ। ਗੁਰਦਿਆਲ ਸਿੰਘ ਆਪਣੀ ਪਤਨੀ ਦੇ ਚੋਣ ਲੜਨ ਤੋਂ ਬਾਅਦ ਤੋਂ ਹੀ ਵਿਰੋਧੀਆਂ ਵੱਲੋਂ ਲਗਾਤਾਰ ਬਲੈਕਮੇਲਿੰਗ, ਮਾਣਹਾਨੀ ਅਤੇ ਮਾਨਸਿਕ ਪਰੇਸ਼ਾਨੀ ਤੋਂ ਪ੍ਰੇਸ਼ਾਨ ਸਨ।
ਨਹਿਰ ਵਿੱਚ ਛਾਲ ਮਾਰਨ ਤੋਂ ਪਹਿਲਾਂ ਐਸ.ਐਚ.ਓ. ਨੇ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਸ ਵਿੱਚ 7 ਲੋਕਾਂ ਉੱਤੇ ਗੰਭੀਰ ਦੋਸ਼ ਲਗਾਏ ਗਏ ਹਨ ਅਤੇ ਐਸ.ਐਚ.ਓ. ਨੇ ਕਿਹਾ ਸੀ ਕਿ ਉਕਤ ਵਿਅਕਤੀਆਂ ਨੇ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ। ਥਾਣਾ ਇੰਚਾਰਜ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀ ਉਨ੍ਹਾਂ ਨੂੰ ਬਦਨਾਮ ਕਰ ਰਹੇ ਹਨ ਅਤੇ ਉਨ੍ਹਾਂ ਤੋਂ 30-35 ਲੱਖ ਰੁਪਏ ਦੀ ਮੰਗ ਕਰ ਰਹੇ ਹਨ।
ਐਸ.ਪੀ.(ਡੀ) ਮਨਜੀਤ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਾ ਹੈ ਅਤੇ ਪੁਲਿਸ ਅਤੇ ਗੋਤਾਖੋਰਾਂ ਦੀਆਂ ਟੀਮਾਂ ਲਗਾਤਾਰ ਨਹਿਰ ਵਿੱਚ ਉਨ੍ਹਾਂ ਦੀ ਭਾਲ ਕਰ ਰਹੀਆਂ ਹਨ। ਫਿਲਹਾਲ ਪੁਲਿਸ ਨੇ ਐੱਸ.ਐੱਚ.ਓ. ਗੁਰਦਿਆਲ ਸਿੰਘ ਦੀ ਪਤਨੀ ਦੇ ਬਿਆਨਾਂ ਦੇ ਆਧਾਰ ‘ਤੇ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।












