ਫਰੀਦਕੋਟ : ਫਰੀਦਕੋਟ ਦੇ ਸਾਦਿਕ ਰੋਡ ‘ਤੇ ਅੱਜ ਸਵੇਰੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਐਕਟਿਵਾ ਸਵਾਰ ਦੋ ਔਰਤਾਂ ਦੀ ਮੌਤ ਹੋ ਗਈ। ਦੋਵੇਂ ਔਰਤਾਂ ਆਪਸ ਵਿੱਚ ਦੇਵਰਾਣੀ-ਜਠਾਣੀ ਸਨ ਅਤੇ ਰੋਜ਼ਾਨਾ ਵਾਂਗ ਨਹਿਰ ਕਿਨਾਰੇ ਲੱਗੇ ਨਲਿਆਂ ਤੋਂ ਪੀਣ ਦਾ ਪਾਣੀ ਭਰਨ ਜਾ ਰਹੀਆਂ ਸਨ।
ਐਕਟਿਵਾ ਨੇ ਮਾਰੀ ਜ਼ੋਰਦਾਰ ਟੱਕਰ
ਜਾਣਕਾਰੀ ਦੇ ਅਨੁਸਾਰ, ਸ਼ਹੀਦ ਬਲਵਿੰਦਰ ਸਿੰਘ ਨਗਰ ਨਿਵਾਸੀ ਸੰਜਨਾ (43) ਪਤਨੀ ਮਨਦੀਪ ਕੁਮਾਰ ਅਤੇ ਪੂਜਾ (49) ਪਤਨੀ ਮਨੋਜ ਕੁਮਾਰ ਦੀ ਅੱਜ ਸਵੇਰੇ 8 ਵਜੇ ਐਕਟਿਵਾ ‘ਤੇ ਸਵਾਰ ਹੋ ਕੇ ਸਾਦਿਕ ਰੋਡ ‘ਤੇ ਜਾ ਰਹੀਆਂ ਸਨ। ਜਿਵੇਂ ਹੀ ਉਹ ਜਹਾਜ਼ ਗਰਾਊਂਡ ਦੇ ਨੇੜੇ ਪਹੁੰਚੇ, ਤਾਂ ਉਲਟ ਦਿਸ਼ਾ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਔਰਤਾਂ ਕਈ ਮੀਟਰ ਤੱਕ ਘਸੀਟੀਆਂ ਗਈਆਂ ਅਤੇ ਉਨ੍ਹਾਂ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ। ਰਾਹਗੀਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਿਜਾਇਆ ਗਿਆ, ਪਰ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਡਾਕਟਰਾਂ ਨੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਹਾਦਸੇ ਤੋਂ ਬਾਅਦ ਸਵਿਫਟ ਕਾਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਔਰਤਾਂ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਆਮ ਵਾਂਗ ਪੀਣ ਵਾਲਾ ਪਾਣੀ ਲੈਣ ਲਈ ਨਹਿਰ ਦੇ ਕੰਢੇ ਗਈਆਂ ਸਨ। ਅੱਜ ਸਵੇਰੇ ਇਸੇ ਮਕਸਦ ਲਈ ਘਰੋਂ ਨਿਕਲੀ ਸੀ, ਪਰ ਜਹਾਜ਼ ਗਰਾਊਂਡ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸਨੂੰ ਕੁਚਲ ਦਿੱਤਾ। ਪਰਿਵਾਰ ਨੇ ਮੰਗ ਕੀਤੀ ਹੈ ਕਿ ਪੁਲਿਸ ਫਰਾਰ ਡਰਾਈਵਰ ਨੂੰ ਤੁਰੰਤ ਗ੍ਰਿਫ਼ਤਾਰ ਕਰੇ ਅਤੇ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰੇ, ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।












