ਗੁਰੂਗ੍ਰਾਮ : ਹਰਿਆਣਾ ਟਰਾਂਸਪੋਰਟ ਵਿਭਾਗ ਵੱਲੋਂ ਯਾਤਰੀਆਂ ਨੂੰ ਵਧੀਆ ਆਵਾਜਾਈ ਸਹੂਲਤਾਂ ਦੇਣ ਦੇ ਮਕਸਦ ਨਾਲ ਲਗਾਤਾਰ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਵਿੱਚ ਯਾਤਰੀਆਂ ਦੀ ਸਹੂਲਤ ਵਿੱਚ ਵਾਧਾ ਕਰਨ ਦੇ ਮਕਸਦ ਨਾਲ ਗੁਰੂਗ੍ਰਾਮ ਦੇ ਸੈਕਟਰ- 36 ਵਿੱਚ ਨਵੇਂ ਬੱਸ ਸਟੈਂਡ ਦੀ ਉਸਾਰੀ ਕੀਤੀ ਜਾਵੇਗੀ। ਇਸ ਨਾਲ ਲੋਕਾਂ ਨੂੰ ਵਧੀਆ ਆਵਾਜਾਈ ਸਹੂਲਤ ਦਾ ਲਾਭ ਮਿਲੇਗਾ।
ਇਸ ਪ੍ਰੋਜੈਕਟ ਬਾਰੇ ਐਚ.ਐਸ.ਆਈ.ਆਈ.ਡੀ.ਸੀ. ਨੇ ਰੋਡਵੇਜ਼ ਵਿਭਾਗ ਨੂੰ ਜ਼ਮੀਨ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਿਵੇਂ ਹੀ ਇਹ ਕੰਮ ਪੂਰਾ ਹੋਵੇਗਾ, ਉਸੇ ਤਰ੍ਹਾਂ ਹੀ ਉਸਾਰੀ ਦੇ ਕੰਮ ਨੂੰ ਰਸਮੀ ਤੌਰ ‘ਤੇ ਹਰੀ ਝੰਡੀ ਦੇ ਦਿੱਤੀ ਜਾਵੇਗੀ। ਆਸ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦੋ ਸਾਲਾਂ ਦੇ ਅੰਦਰ ਇਸ ਬੱਸ ਅੱਡੇ ਲਈ ਨਵੀਂ ਬਿਲਡਿੰਗ ਤਿਆਰ ਕਰ ਲਈ ਜਾਵੇਗੀ।
ਆਧੁਨਿਕ ਸਹੂਲਤਾਂ ਤੋ ਹੋਵੇਗਾ ਲੈਸ
ਪੂਰੀ ਤਰ੍ਹਾਂ ਆਧੁਨਿਕ ਸਹੂਲਤਾਂ ਨਾਲ ਲੈਸ ਇਸ ਨਵੇਂ ਬੱਸ ਅੱਡੇ ਤੋਂ ਜ਼ਿਲ੍ਹੇ ਅੰਦਰ ਅਤੇ ਰਾਜ ਪੱਧਰ ਦੀਆਂ ਦੋਵੇਂ ਤਰ੍ਹਾਂ ਦੀਆਂ ਬੱਸਾਂ ਚਲਾਈਆਂ ਜਾਣਗੀਆਂ। ਇਸ ਦੇ ਨਾਲ ਹੀ ਇੱਥੋਂ ਦਿੱਲੀ-ਐਨ.ਸੀ.ਆਰ., ਯੂ.ਪੀ., ਉਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ, ਪੰਜਾਬ ਅਤੇ ਰਾਜਸਥਾਨ ਵਰਗੇ ਮਹੱਤਵਪੂਰਨ ਰਾਜਾਂ ਲਈ ਵੀ ਬੱਸ ਸਹੂਲਤ ਉਪਲਬਧ ਕਰਵਾਈ ਜਾਵੇਗੀ। ਇਸ ਨਾਲ ਲੋਕਾਂ ਨੂੰ ਰੋਡਵੇਜ਼ ਅਤੇ ਪ੍ਰਾਈਵੇਟ ਬੱਸਾਂ ਵਿੱਚ ਸਫ਼ਰ ਕਰਨ ਵਿੱਚ ਮਦਦ ਮਿਲੇਗੀ।
ਗੁਰੂਗ੍ਰਾਮ ਰੋਡਵੇਜ਼ ਡਿਪੂ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਦੇ ਵਿਚਕਾਰ ਸਥਿਤ ਮੌਜੂਦਾ ਬੱਸ ਅੱਡਾ ਬਿਲਕੁਲ ਖਸਤਾ ਹਾਲਤ ਵਿੱਚ ਪਹੁੰਚ ਚੁੱਕਾ ਹੈ। ਦੀਵਾਰਾਂ ਤੋਂ ਕਈ ਵਾਰ ਪਲਾਸਟਰ ਡਿੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਤੋਂ ਇਲਾਵਾ ਬੱਸ ਅੱਡੇ ਦਾ ਇਲਾਕਾ ਭੀੜ-ਭੜੱਕੇ ਵਾਲੀ ਥਾਂ ਹੋਣ ਕਾਰਨ ਲੋਕਾਂ ਨੂੰ ਆਵਾਜਾਈ ਦੌਰਾਨ ਟ੍ਰੈਫਿਕ ਜਾਮ ਨਾਲ ਜੂਝਣਾ ਪੈਂਦਾ ਹੈ।
ਆਧੁਨਿਕ ਸਹੂਲਤਾਂ ਉਪਲਬਧ
ਲੰਬੀ ਦੂਰੀ ਦੀਆਂ ਬੱਸਾਂ ਵੀ ਸ਼ਹਿਰ ਦੀ ਭੀੜ-ਭੜੱਕੇ ਵਿੱਚ ਫਸ ਕੇ ਰਹਿ ਜਾਂਦੀਆਂ ਹਨ ਪਰ ਹੁਣ ਸ਼ਹਿਰ ਤੋਂ ਬਾਹਰ ਨਵਾਂ ਬੱਸ ਅੱਡਾ ਬਣਨ ਨਾਲ ਸਾਰਿਆਂ ਨੂੰ ਫਾਇਦਾ ਪਹੁੰਚੇਗਾ। ਇਸ ਬੱਸ ਸਟੈਂਡ ’ਤੇ ਮੁਸਾਫਿਰਾਂ ਲਈ ਏ.ਸੀ. ਆਰਾਮ ਘਰ, ਸੀ.ਸੀ.ਟੀ.ਵੀ. ਕੈਮਰੇ, ਸਾਫ-ਸੁਥਰੇ ਸ਼ੌਚਾਲੇ, ਪੀਣ ਦਾ ਸਾਫ ਪਾਣੀ, ਪਾਰਕਿੰਗ, ਸਮਾਂ-ਸਾਰਣੀ ਲਈ ਐਲ.ਈ.ਡੀ. ਡਿਸਪਲੇਅ ਸਮੇਤ ਕਈ ਹੋਰ ਆਧੁਨਿਕ ਸਹੂਲਤਾਂ ਉਪਲਬਧ ਕਰਵਾਇਆ ਜਾਣਗੀਆਂ।











