HomeCanadaਕੈਨੇਡਾ ਦੀ ਨਾਗਰਿਕਤਾ ਨਾਲ ਧੋਖਾਧੜੀ ਕਰਨ ਵਾਲੇ 22 ਸਾਲਾ ਨੌਜਵਾਨ ਨੂੰ ਸਜ਼ਾ

ਕੈਨੇਡਾ ਦੀ ਨਾਗਰਿਕਤਾ ਨਾਲ ਧੋਖਾਧੜੀ ਕਰਨ ਵਾਲੇ 22 ਸਾਲਾ ਨੌਜਵਾਨ ਨੂੰ ਸਜ਼ਾ

ਕੈਨੇਡਾ: ਕੈਨੇਡਾ ਵਿੱਚ ਫਰਜ਼ੀ ਪਾਸਪੋਰਟ ਦੀ ਵਰਤੋਂ ਕਰਕੇ 16 ਵਾਰ ਦੇਸ਼ ਤੋਂ ਬਾਹਰ ਜਾਣ ਅਤੇ ਮੁੜ ਅੰਦਰ ਆਉਣ ਵਾਲੇ 22 ਸਾਲਾ ਨੌਜਵਾਨ ਨੂੰ ਅਦਾਲਤ ਨੇ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਘਾਨਾ ਦੇ ਰਹਿਣ ਵਾਲੇ ਜੈਫਰਸਨ ਜੋਰਮੇਲੋ ਨੇ ਇਸ ਸਾਲ ਦੇ ਸ਼ੁਰੂ ਵਿੱਚ ਕੈਨੇਡੀਅਨ ਸਿਟੀਜ਼ਨਸ਼ਿਪ ਐਕਟ ਦੀ ਉਲੰਘਣਾ ਕਰਨ ਦਾ ਦੋਸ਼ ਕਬੂਲ ਕੀਤਾ ਸੀ।

ਸੋਮਵਾਰ ਨੂੰ ਕੈਲਗਰੀ ਦੀ ਅਦਾਲਤ ਵਿੱਚ ਜਸਟਿਸ ਕੈਰਨ ਮੋਲੇ ਨੇ ਕਿਹਾ ਕਿ ਮੁਲਜ਼ਮ ਦੀ ਇਹ ਹਰਕਤ ਕੈਨੇਡੀਅਨ ਨਾਗਰਿਕਤਾ ਪ੍ਰਣਾਲੀ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਉਂਦੀ ਹੈ। ਅਦਾਲਤ ਨੇ ਇਸ ਨੂੰ ਦੇਸ਼ ਦੀ ਸੁਰੱਖਿਆ ਅਤੇ ਜਨਤਕ ਸੁਰੱਖਿਆ ਲਈ ਵੀ ਖ਼ਤਰਾ ਦੱਸਿਆ। ਜੱਜ ਮੁਤਾਬਕ ਫਰਜ਼ੀ ਪਾਸਪੋਰਟਾਂ ਦੀ ਵਰਤੋਂ ਨਾਲ ਕੌਮਾਂਤਰੀ ਪੱਧਰ ’ਤੇ ਕੈਨੇਡਾ ਦੀ ਸਾਖ ਵੀ ਪ੍ਰਭਾਵਿਤ ਹੁੰਦੀ ਹੈ।

ਮਿਲੀ ਜਾਣਕਾਰੀ ਅਨੁਸਾਰ, ਜੋਰਮੇਲੋ ਸਾਲ 2021 ਵਿੱਚ ਸਟੱਡੀ ਪਰਮਿਟ ’ਤੇ ਕੈਨੇਡਾ ਆਇਆ ਸੀ। ਸਾਲ 2024 ਵਿੱਚ ਜਦੋਂ ਅਧਿਕਾਰੀਆਂ ਨੂੰ ਪਤਾ ਲੱਗਿਆ ਕਿ ਉਹ ਹੁਣ ਕਿਸੇ ਵਿਦਿਅਕ ਸੰਸਥਾ ਵਿੱਚ ਦਾਖ਼ਲ ਨਹੀਂ ਹੈ ਤਾਂ ਉਸ ਨੂੰ ਦੇਸ਼ ਵਿੱਚੋਂ ਕੱਢਣ ਲਈ ਐਕਸਕਲੂਜ਼ਨ ਆਰਡਰ ਜਾਰੀ ਕੀਤਾ ਗਿਆ।

ਇਸ ਤੋਂ ਬਾਅਦ ਉਸ ਨੇ ਕਥਿਤ ਤੌਰ ’ਤੇ ਗਲਤ ਨਾਮ ਹੇਠ ਪਛਾਣ ਸਬੰਧੀ ਦਸਤਾਵੇਜ਼ ਤਿਆਰ ਕਰਵਾਏ। ਇਨ੍ਹਾਂ ਵਿੱਚ ਨਾਗਰਿਕਤਾ ਦਾ ਸਬੂਤ ਵੀ ਸ਼ਾਮਲ ਸੀ। ਇਸੇ ਪਛਾਣ ਦੇ ਆਧਾਰ ’ਤੇ ਉਸ ਨੇ ‘ਮਿਚੇਲ ਲੇਬਲੈਂਕ’ ਨਾਮ ਹੇਠ ਕੈਨੇਡੀਅਨ ਪਾਸਪੋਰਟ ਹਾਸਲ ਕਰ ਲਿਆ, ਜੋ ਦਸੰਬਰ 2024 ਵਿੱਚ ਜਾਰੀ ਕੀਤਾ ਗਿਆ ਸੀ।

ਅਗਲੇ 15 ਮਹੀਨਿਆਂ ਦੌਰਾਨ ਉਸ ਨੇ ਇਸ ਪਾਸਪੋਰਟ ਦੀ ਵਰਤੋਂ ਕਰਦਿਆਂ ਮਾਂਟਰੀਅਲ, ਟੋਰਾਂਟੋ ਅਤੇ ਹੈਲੀਫੈਕਸ ਦੇ ਕੌਮਾਂਤਰੀ ਹਵਾਈ ਅੱਡਿਆਂ ਰਾਹੀਂ ਕੁੱਲ 16 ਵਾਰ ਕੈਨੇਡਾ ਵਿੱਚ ਆਉਣਾ-ਜਾਣਾ ਕੀਤਾ।

ਅਪ੍ਰੈਲ 2026 ਵਿੱਚ ਕੈਲਗਰੀ ਵਿਖੇ ਅਮਰੀਕੀ ਕੌਂਸਲੇਟ ਦੇ ਅਧਿਕਾਰੀਆਂ ਨੂੰ ‘ਮਿਚੇਲ ਲੇਬਲੈਂਕ’ ਦੇ ਨਾਮ ਵਾਲਾ ਫਰਜ਼ੀ ਪਰਮਾਨੈਂਟ ਰੈਜ਼ੀਡੈਂਸੀ ਕਾਰਡ ਦਿਖਾਉਣ ਮਗਰੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਉਸ ਦੇ ਹੋਟਲ ਦੇ ਕਮਰੇ ਦੀ ਤਲਾਸ਼ੀ ਲਈ ਗਈ, ਜਿੱਥੋਂ ਫਰਜ਼ੀ ਪਾਸਪੋਰਟ ਸਮੇਤ ਹੋਰ ਸਮਾਨ ਬਰਾਮਦ ਹੋਇਆ।

ਸਰਕਾਰੀ ਵਕੀਲ ਟਾਈਲਰ ਲਾਰਡ ਨੇ ਅਦਾਲਤ ਤੋਂ ਪੰਜ ਸਾਲ ਦੀ ਕੈਦ ਦੀ ਮੰਗ ਕੀਤੀ ਸੀ, ਜਦਕਿ ਬਚਾਅ ਪੱਖ ਦੇ ਵਕੀਲ ਡੇਵਿਨ ਫ੍ਰੈਂਕ ਨੇ ਨੌਂ ਮਹੀਨੇ ਦੀ ਸਜ਼ਾ ਨੂੰ ਕਾਫ਼ੀ ਦੱਸਦਿਆਂ ਕਿਹਾ ਕਿ ਜੋਰਮੇਲੋ ਦਾ ਘਾਨਾ ਵਿੱਚ ਬਚਪਨ ਗਰੀਬੀ ਅਤੇ ਤਸ਼ੱਦਦ ਵਰਗੀਆਂ ਮੁਸ਼ਕਲਾਂ ਵਿੱਚ ਬੀਤਿਆ ਸੀ।

ਜੱਜ ਨੇ ਕਿਹਾ ਕਿ ਮੁਲਜ਼ਮ ਕੈਨੇਡਾ ਵਿੱਚ ਰਹਿਣ ਅਤੇ ਕੰਮ ਕਰਨ ਲਈ ਬੇਤਾਬ ਸੀ, ਪਰ ਉਸ ਨੇ ਆਪਣੀ ਸਮਝ ਅਤੇ ਯੋਜਨਾਬੰਦੀ ਦੀ ਵਰਤੋਂ ਕਰਕੇ ਇੱਕ ਗੁੰਝਲਦਾਰ ਧੋਖਾਧੜੀ ਨੂੰ ਅੰਜਾਮ ਦਿੱਤਾ। ਗ੍ਰਿਫ਼ਤਾਰੀ ਤੋਂ ਬਾਅਦ ਜੇਲ੍ਹ ਵਿੱਚ ਬਿਤਾਏ ਸਮੇਂ ਨੂੰ ਸਜ਼ਾ ਵਿੱਚ ਗਿਣਨ ਮਗਰੋਂ ਹੁਣ ਉਸ ਨੂੰ ਲਗਭਗ 14 ਮਹੀਨੇ ਹੋਰ ਜੇਲ੍ਹ ਵਿੱਚ ਰਹਿਣਾ ਪਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments