Home ਪੰਜਾਬ IPS ਰਿਸ਼ਭ ਭੋਲਾ ਬਣੇ ਸਕੂਲ ਆਫ਼ ਐਮੀਨੈਂਸ ਰਾਜਪੁਰਾ ਦੇ ਵਿਦਿਆਰਥੀਆਂ ਦੇ ਮਾਰਗਦਰਸ਼ਕ

IPS ਰਿਸ਼ਭ ਭੋਲਾ ਬਣੇ ਸਕੂਲ ਆਫ਼ ਐਮੀਨੈਂਸ ਰਾਜਪੁਰਾ ਦੇ ਵਿਦਿਆਰਥੀਆਂ ਦੇ ਮਾਰਗਦਰਸ਼ਕ

0

ਰਾਜਪੁਰਾ : 2022 ਬੈਚ ਦੇ ਆਈ.ਪੀ.ਐਸ ਤੇ ਨੌਜਵਾਨ ਪੁਲਿਸ ਅਫ਼ਸਰ ਰਿਸ਼ਭ ਭੋਲਾ ਅੱਜ ਰਾਜਪੁਰਾ ਦੇ ਮਹਿੰਦਰਗੰਜ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਦੇ ਮਾਰਗਦਰਸ਼ਕ ਬਣਕੇ ਸਾਹਮਣੇ ਆਏ। ਉੱਚੀ ਉਡਾਰੀ ਮਾਰਨ ਦੇ ਚਾਹਵਾਨ ਵਿਦਿਆਰਥੀਆਂ ਨੇ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਰਿਸ਼ਭ ਭੋਲਾ ਤੋਂ ਸਫ਼ਲਤਾ ਦੀਆਂ ਬਰੀਕੀਆਂ ਸਿੱਖੀਆਂ। ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੀ ਇਸ ਨਿਵੇਕਲੀ ਪਹਿਲਕਦਮੀ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਉਚੇਚਾ ਧੰਨਵਾਦ ਕੀਤਾ।

ਅੰਮ੍ਰਿਤਸਰ ਵਿਖੇ ਬਤੌਰ ਏ.ਸੀ.ਪੀ ਤਾਇਨਾਤ ਰਿਸ਼ਭ ਭੋਲਾ ਨੇ ਪੰਜਾਬ ਸਰਕਾਰ ਵੱਲੋਂ ਅਰੰਭੇ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਬਾਰੇ ਵਿਦਿਆਰਥੀਆਂ ਨੂੰ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦੇ ਬੁਨਿਆਦੀ ਢਾਂਚੇ ‘ਚ ਲਾਮਿਸਾਲ ਸੁਧਾਰ ਹੋਏ ਹਨ, ਪਰੰਤੂ ਹੁਣ ਵਿਦਿਆਰਥੀਆਂ ਨੂੰ ਰੋਲ ਮਾਡਲ ਦੇਣ ਤੇ ਉਨ੍ਹਾਂ ਦਾ ਸਹੀ ਅਰਥਾਂ ‘ਚ ਮਾਰਗਦਰਸ਼ਕ ਕਰਨ ਲਈ ਵੱਖ-ਵੱਖ ਅਧਿਕਾਰੀਆਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ।

ਵਿਦਿਆਰਥੀਆਂ ਦੇ ਰੁ-ਬ-ਰੂ ਹੁੰਦਿਆਂ ਰਿਸ਼ਭ ਭੋਲਾ ਨੇ ਕਿਹਾ ਕਿ ਬਰੇਨ ਡਰੇਨ ਨੂੰ ਰੋਕਣ ਅਤੇ ਵਿਦਿਆਰਥੀਆਂ ਦੀਆਂ ਸੋਚਾਂ ਨੂੰ ਉਡਾਰੀ ਲਈ ਪੰਖ ਲਾਉਣ ਲਈ ਇਹ ਪ੍ਰੋਗਰਾਮ ਬਹੁਤ ਲਾਹੇਵੰਦਾ ਸਾਬਤ ਹੋਵੇਗਾ। ਉਨ੍ਹਾਂ ਨੇ ਵਿਦਿਆਰਥੀਆਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਸਾਨੂੰ ਜੋ ਵੀ ਮੌਕੇ ਮਿਲੇ ਹਨ, ਉਸਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ, ਕਿਉਂਕਿ ਹਰੇਕ ਬੱਚੇ ਦੇ ਅੰਦਰ ਕੋਈ ਨਾ ਕੋਈ ਪ੍ਰਤਿਭਾ ਜਰੂਰ ਛੁਪੀ ਹੁੰਦੀ ਹੈ, ਜਿਸ ਨੂੰ ਬਾਹਰ ਕੱਢਕੇ ਬੱਚੇ ਆਪਣੇ ਮਿੱਥੇ ਨਿਸ਼ਾਨੇ ਦੀ ਪ੍ਰਾਪਤੀ ਕਰ ਸਕਦੇ ਹਨ।
ਰਿਸ਼ਭ ਭੋਲਾ ਨੇ ਆਪਣੇ ਵਿਦਿਆਰਥੀ ਹੋਣ ਤੋਂ ਲੈਕੇ ਆਈ.ਪੀ.ਐਸ. ਬਣਨ ਤੱਕ ਦੇ ਤਜੁਰਬੇ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਸਹੀ ਰਸਤੇ ਦੀ ਚੋਣ ਕਰਕੇ ਸਖ਼ਤ ਮਿਹਨਤ ਕਰਨ, ਅਨੁਸ਼ਾਸਨ ‘ਚ ਰਹਿਣ, ਸਕੂਲੀ ਵਰਦੀ ‘ਤੇ ਮਾਣ ਕਰਨ ਅਤੇ ਇੱਕ ਸਫ਼ਲ ਸ਼ਖ਼ਸੀਅਤ ਹੋਣ ਦਾ ਮਾਣ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਹੀ ਰਸਤੇ ਦੀ ਚੋਣ ਕਿਸੇ ਨੂੰ ਵੀ ਉਸਦੀ ਮੰਜ਼ਿਲ ਤੱਕ ਲਾਜਮੀ ਪੁੱਜਦਾ ਕਰਦੀ ਹੈ।

ਰਿਸ਼ਭ ਭੋਲਾ ਨੇ ਵਿਦੇਸ਼ਾਂ ‘ਚ ਜਾਣ ਦੀ ਹੋੜ ਤੋਂ ਬਚਣ ਲਈ ਕਿਹਾ ਕਿ ਉਹ ਖ਼ੁਦ ਯੂ.ਐ ਸ.ਏ. ਤੱਕ ਜਾ ਕੇ ਆਏ ਹਨ, ਪਰੰਤੂ ਜੋ ਕੁਝ ਸਾਡਾ ਦੇਸ਼ ਤੇ ਸਾਡਾ ਪੰਜਾਬ ਸਾਡੇ ਲਈ ਹੈ, ਉਹ ਥਾਂ ਦੂਸਰਾ ਮੁਲਕ ਨਹੀਂ ਲੈ ਸਕਦਾ, ਇਸ ਲਈ ਨੌਜਵਾਨਾਂ ਨੂੰ ਆਪਣੇ ਮੁਲਕ ‘ਚ ਰਹਿਕੇ ਆਪਣੇ ਮਿੱਥੇ ਨਿਸ਼ਾਨੇ ਦੀ ਪ੍ਰਾਪਤੀ ਲਈ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਗਿਆਰਵੀਂ ਤੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਭਵਿੱਖ ‘ਚ ਵੱਖ-ਵੱਖ ਤਰ੍ਹਾਂ ਦੇ ਕੀਤੇ ਜਾਣ ਵਾਲੇ ਕੋਰਸਾਂ ਦੀ ਜਾਣਕਾਰੀ ਤੇ ਡਿਜ਼ੀਟਲ ਪਲੈਟਫਾਰਮ ਸਮੇਤ ਸਫ਼ਲਤਾ ਦੇ ਕਈ ਹੋਰ ਰਸਤੇ ਦੱਸੇ। ਉਨ੍ਹਾਂ ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਦੇ ਚਾਹਵਾਨਾਂ ਨੂੰ ਵੀ ਕਈ ਅਹਿਮ ਗੁਰ ਦੱਸੇ। ਸਕੂਲ ਆਫ਼ ਐਮੀਨੈਂਸ, ਮਹਿੰਦਰਗੰਜ ਦੇ ਪ੍ਰਿੰਸੀਪਲ ਪੂਨਮ ਕੁਮਾਰੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਆਈ.ਪੀ.ਐਸ ਰਿਸ਼ਭ ਭੋਲਾ ਨੂੰ ਉਨ੍ਹਾਂ ਦੇ ਵਿਦਿਆਰਥੀਆਂ ਦੇ ਮਾਰਗ ਦਰਸ਼ਨ ਲਈ ਤਾਇਨਾਤ ਕੀਤਾ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ, ਅਧਿਆਪਕ ਤੇ ਵਿਦਿਆਰਥੀ ਵੱਡੀ ਗਿਣਤੀ ‘ਚ ਮੌਜੂਦ ਸਨ।

NO COMMENTS

LEAVE A REPLY

Please enter your comment!
Please enter your name here

Exit mobile version