ਪਟਿਆਲਾ : ਬਾਗ਼ਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸੰਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਕਿਸਾਨਾਂ ਦੇ ਬਾਗ਼ਾਂ ਦੇ 20 ਫ਼ੀਸਦੀ ਫਲ਼ ਦਾ ਨੁਕਸਾਨ ਕੀੜੇ ਮਕੌੜੇ ਤੇ ਬਿਮਾਰੀ ਨਾਲ ਹੁੰਦਾ ਹੈ, ਜਿਸ ਨੂੰ ਫਰੂਟ ਫਲਾਈ ਟਰੈਪ ਦੀ ਵਰਤੋਂ ਕਰਕੇ ਘਟਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਫਰੂਟ ਫਲਾਈ ਟਰੈਪ ਅਮਰੂਦ ਅਸਟੇਟ ਵਜੀਦਪੁਰ, ਦਫ਼ਤਰ ਡਿਪਟੀ ਡਾਇਰੈਕਟਰ ਬਾਗ਼ਬਾਨੀ ਪਟਿਆਲਾ, ਜ਼ਿਲ੍ਹੇ ਦੇ ਸਾਰੇ ਬਾਗ਼ਬਾਨੀ ਵਿਕਾਸ ਅਫ਼ਸਰ ਦੇ ਨਰਸਰੀ ਫਾਰਮਾਂ/ਦਫ਼ਤਰਾਂ ਤੋਂ ਪ੍ਰਾਪਤ ਕਰ ਸਕਦੇ ਹਨ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਕੀੜੇ ਮਕੌੜੇ ਵਿੱਚ ਮੁੱਖ ਕੀੜਾ ਫਲ਼ ਦੀ ਮੱਖੀ ਹੈ, ਜੋ ਕਿ ਫਲ਼ ਦਾ ਨੁਕਸਾਨ ਕਰਦੀ ਹੈ। ਇਹ ਫਲ਼ ਦੀ ਮੱਖੀ ਆੜੂ, ਅਲੂਚਾ, ਅਮਰੂਦ, ਅੰਬ, ਨਾਸ਼ਪਾਤੀ, ਕਿੰਨੂ ਦੇ ਬੂਟਿਆਂ ਤੇ ਜਿਵੇਂ-ਜਿਵੇਂ ਫਲ਼ ਦੀ ਆਮਦ ਹੁੰਦੀ ਹੈ, ਓਵੇਂ ਹੀ ਮੱਖੀ ਫਲ਼ ਦਾ ਨੁਕਸਾਨ ਕਰਦੀ ਹੈ। ਫਲ਼ ਦੀ ਮੱਖੀ ਦੀ ਰੋਕਥਾਮ ਲਈ ਫਰੂਟ ਫਲਾਈ ਟਰੈਪ ਦੀ ਵਰਤੋਂ ਕੀਤੀ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ 16 ਟਰੈਪ ਪ੍ਰਤੀ ਏਕੜ ਦੇ ਹਿਸਾਬ ਨਾਲ ਬਾਗ਼ ਵਿੱਚ ਲਗਾ ਸਕਦੇ ਹਨ ਤੇ ਟਰੈਪਾਂ ਨੂੰ ਬਾਗ਼ਾਂ ਵਿੱਚ ਉਸ ਸਮੇਂ ਤੱਕ ਟੰਗਣਾ ਹੈ ਜਦੋਂ ਤੱਕ ਫਲ਼ਾਂ ਦੀ ਪੂਰੀ ਤੁੜਾਈ ਨਾ ਹੋ ਜਾਵੇ। ਬਾਗ਼ ਵਿੱਚ ਟਰੈਪ ਲਗਾਉਣ ਤੋਂ ਬਾਅਦ ਜੇਕਰ ਫਲ਼ਾਂ ਦੀ ਮੱਖੀ ਦਾ ਤਾਜ਼ਾ ਹਮਲਾ ਜ਼ਿਆਦਾ ਹੋਇਆ ਹੋਵੇ ਤਾਂ ਟਰੈਪ ਵਿੱਚ ਖ਼ੁਸ਼ਬੂ ਦੀ ਨਵੀਂ ਟਿੱਕੀ ਲਗਾਈ ਜਾ ਸਕਦੀ ਹੈ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਬਾਗ਼ਾਂ ਵਿੱਚ ਟਰੈਪ ਦੀ ਵਰਤੋਂ ਇੱਕ ਵਾਤਾਵਰਨ ਸਹਾਈ ਤਕਨੀਕ ਹੈ ਅਤੇ ਕੀਟਨਾਸ਼ਕਾਂ ਤੇ ਆਉਂਦੇ ਖ਼ਰਚੇ ਦੇ ਮੁਕਾਬਲੇ ਇਹ ਸਸਤੀ ਤਕਨੀਕ ਹੈ। ਕੀਟਨਾਸ਼ਕਾਂ ਦੇ ਮੁਕਾਬਲੇ ਟਰੈਪ ਦੀ ਵਰਤੋਂ ਨਾਲ ਬਾਗ਼ਾਂ ਵਿੱਚ ਲੰਬੇ ਸਮੇਂ ਤੱਕ ਮੱਖੀਆਂ ਦੀ ਰੋਕਥਾਮ ਹੁੰਦੀ ਹੈ ਅਤੇ ਟਰੈਪਾਂ ਦੀ ਵਰਤੋਂ ਨਾਲ ਮਿੱਤਰ ਕੀੜਿਆਂ ਤੇ ਵੀ ਕੋਈ ਅਸਰ ਨਹੀਂ ਪੈਂਦਾ। ਉਨ੍ਹਾਂ ਦੱਸਿਆ ਕਿ ਟਰੈਪਾਂ ਨੂੰ ਫਲ਼ਾਂ ਦੀ ਤੁੜਾਈ ਖ਼ਤਮ ਹੋਣ ਤੋਂ ਬਾਅਦ ਵੱਖ-ਵੱਖ ਫਲ਼ਾਂ ਦੇ ਬਾਗ਼ਾਂ ਵਿੱਚ ਵਰਤਿਆ ਜਾ ਸਕਦਾ ਹੈ ਬਸ਼ਰਤੇ ਕਿ ਉਨ੍ਹਾਂ ਵਿੱਚ ਵਰਤੀ ਜਾਣ ਵਾਲੀ ਖ਼ੁਸ਼ਬੂ ਦੀ ਟਿੱਕੀ ਲੋੜ ਅਨੁਸਾਰ ਦੁਬਾਰਾ ਲਗਾਈ ਜਾਵੇ। ਇਸ ਸਬੰਧੀ ਵਧੇਰੇ ਜਾਣਕਾਰੀ ਲਈ 75080-18924,75080-18906 ’ਤੇ ਸੰਪਰਕ ਕੀਤਾ ਜਾ ਸਕਦਾ ਹੈ।