Home ਪੰਜਾਬ ਪਟਿਆਲਾ ਪੁਲਿਸ ਨੇ ਨਸ਼ਾ ਤਸਕਰਾਂ ਵੱਲੋਂ ਬਣਾਈਆਂ ਨਜਾਇਜ਼ ਉਸਾਰੀ ਨੂੰ ਢੁਹਾਇਆ

ਪਟਿਆਲਾ ਪੁਲਿਸ ਨੇ ਨਸ਼ਾ ਤਸਕਰਾਂ ਵੱਲੋਂ ਬਣਾਈਆਂ ਨਜਾਇਜ਼ ਉਸਾਰੀ ਨੂੰ ਢੁਹਾਇਆ

0

ਪਟਿਆਲਾ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੇ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਨਾਭਾ ਦੇ ਪਿੰਡ ਰੋਹਟੀ ਛੰਨਾ ਵਿਖੇ ਵੱਡੀ ਕਾਰਵਾਈ ਕਰਦਿਆਂ ਅੱਠ ਨਸ਼ਾ ਤਸਕਰਾਂ ਦੀਆਂ ਸਰਕਾਰੀ ਜ਼ਮੀਨ ‘ਤੇ ਹੋਈਆਂ ਨਜਾਇਜ਼ ਉਸਾਰੀਆਂ ਨੂੰ ਢੁਹਾ ਦਿੱਤਾ ਹੈ।

ਇਸ ਮੌਕੇ ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਨਾਭਾ ਦੇ ਪਿੰਡ ਰੋਹਟੀ ਛੰਨਾ ਵਿਖੇ ਨਸ਼ਾ ਤਸਕਰਾਂ ਵੱਲੋਂ ਜਲ ਸਰੋਤ ਵਿਭਾਗ ਦੀ ਜਗ੍ਹਾ ‘ਤੇ ਕਮਰੇ ਬਣਾਏ ਹੋਏ ਸਨ, ਤੇ ਇਨ੍ਹਾਂ ਕਮਰਿਆਂ ਦੀ ਵਰਤੋਂ ਨਸ਼ਾ ਸਪਲਾਈ ਕਰਨ ਲਈ ਕੀਤੀ ਜਾ ਰਹੀ ਸੀ, ਜਿਸ ਨੂੰ ਅੱਜ ਪਟਿਆਲਾ ਪੁਲਿਸ ਵੱਲੋਂ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਢਾਹਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਅੱਠ ਵਿਅਕਤੀਆਂ ਦੀਆਂ ਉਸਾਰੀਆਂ ਨੂੰ ਅੱਜ ਢਾਇਆ ਗਿਆ ਹੈ, ਉਨ੍ਹਾਂ ‘ਤੇ ਵੱਖ ਵੱਖ ਧਾਰਾਵਾਂ ਤਹਿਤ 75 ਮੁਕੱਦਮੇ ਦਰਜ ਹਨ।

ਉਨ੍ਹਾਂ ਨਜਾਇਜ਼ ਉਸਾਰੀ ਵਾਲੇ ਨਸ਼ਾ ਤਸਕਰਾਂ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਪ੍ਰੇਮ ਸਿੰਘ ਉਰਫ਼ ਕਾਕਾ ‘ਤੇ 13 ਮੁਕੱਦਮੇ, ਛੋਟੀ ਕੌਰ ਪਤਨੀ ਪ੍ਰੇਮ ਸਿੰਘ ‘ਤੇ 9 ਮੁਕੱਦਮੇ, ਅਮਰਪਾਲ ਸਿੰਘ ਉਰਫ਼ ਬੁੱਲੀ ‘ਤੇ 11 ਮੁਕੱਦਮੇ, ਸਰਬਜੀਤ ਕੌਰ ਉਰਫ਼ ਰੋਡੀ ਪਤਨੀ ਅਮਰਪਾਲ ਸਿੰਘ ‘ਤੇ 13 ਮੁਕੱਦਮੇ, ਹਰਮੇਲ ਸਿੰਘ ਉਰਫ਼ ਬੰਟੀ ‘ਤੇ 5 ਮੁਕੱਦਮੇ, ਅਮਰਜੀਤ ਕੌਰ ਉਰਫ਼ ਅਮਰੋ ‘ਤੇ 7 ਮੁਕੱਦਮੇ, ਪਰਮਜੀਤ ਕੌਰ ਉਰਫ਼ ਭੋਲੀ ‘ਤੇ 10 ਮੁਕੱਦਮੇ ਅਤੇ ਅਮਨਦੀਪ ਸਿੰਘ ਉਰਫ਼ ਕਾਲੂ ‘ਤੇ 7 ਮੁਕੱਦਮੇ ਦਰਜ਼ ਹਨ।

ਐਸ.ਐਸ.ਪੀ ਵਰੁਣ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਜਵਾਨੀ ਨੂੰ ਨਸ਼ਿਆਂ ਦੀ ਗ੍ਰਿਫ਼ਤ ਵਿੱਚੋਂ ਕੱਢਣ ਲਈ ਪੂਰੀ ਦ੍ਰਿੜ੍ਹਤਾ ਨਾਲ ਕੰਮ ਕਰ ਰਹੀ ਹੈ ਅਤੇ ਸੂਬੇ ਦੀ ਜਵਾਨੀ ਨੂੰ ਨਸ਼ਿਆਂ ਦੇ ਦਲ ਦਲ ਵਿੱਚ ਫਸਾਉਣ ਵਾਲੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਨਸ਼ੇ ਵੇਚਣ ਦਾ ਕੰਮ ਛੱਡ ਦੇਣ ਨਹੀਂ ਤਾਂ ਉਨ੍ਹਾਂ ਵਿਰੁੱਧ ਵੀ ਇਹੋ ਜਿਹੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ “ਯੁੱਧ ਨਸ਼ਿਆਂ ਵਿਰੁੱਧ ਮੁਹਿੰਮ” ਨਿਰੰਤਰ ਜਾਰੀ ਰਹੇਗੀ ਅਤੇ ਨਸ਼ਿਆਂ ਦੀ ਕਮਾਈ ਨਾਲ ਕੀਤੀਆਂ ਨਜਾਇਜ਼ ਉਸਾਰੀਆਂ ‘ਤੇ ਇਸੇ ਤਰ੍ਹਾਂ ਪੀਲਾ ਪੰਜਾ ਚਲਾਉਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਕਾਰੋਬਾਰੀਆਂ ਦੀ ਸ਼ਿਕਾਇਤ ਕਰਨ ਲਈ ਆਪਣੇ ਨੇੜਲੇ ਪੁਲਿਸ ਸਟੇਸ਼ਨ ਵਿਖੇ ਸੰਪਰਕ ਕੀਤਾ ਜਾਵੇ। ਉਹਨਾਂ ਇਹ ਅਪੀਲ ਵੀ ਕੀਤੀ ਕਿ ਜੇਕਰ ਕੋਈ ਵਿਅਕਤੀ ਨਸ਼ੇ ਦੀ ਦਲ ਦਲ ਵਿੱਚ ਫਸ ਗਿਆ ਹੈ ਤਾਂ ਉਸ ਦਾ ਨਸ਼ਾ ਛੁਡਵਾਉਣ ਲਈ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚ ਲਿਆਂਦਾ ਜਾਵੇ। ਇਸ ਮੌਕੇ ਐਸ.ਪੀ. ਡੀ. ਗੁਰਬੰਸ ਸਿੰਘ ਬੈਂਸ, ਡੀਐਸਪੀ ਨਾਭਾ ਮਨਦੀਪ ਕੌਰ, ਐਸ.ਐਚ.ਓ ਸਦਰ ਨਾਭਾ ਗੁਰਪ੍ਰੀਤ ਸਿੰਘ ਸਬਰਾਓ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਹਾਜ਼ਰ ਸਨ।

NO COMMENTS

LEAVE A REPLY

Please enter your comment!
Please enter your name here

Exit mobile version