ਪੇਸ਼ਾਵਰ: ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿੱਚ ਬੀਤੇ ਦਿਨ ਇਕ ਸਕੂਲ ਬੱਸ ਨੂੰ ਨਿਸ਼ਾਨਾ ਬਣਾ ਕੇ ਇਕ ਆਤਮਘਾਤੀ ਕਾਰ ਬੰਬ ਧਮਾਕਾ ਕੀਤਾ ਗਿਆ। ਇਸ ਦੁਖਦਾਈ ਘਟਨਾ ਵਿੱਚ 4 ਮਾਸੂਮ ਬੱਚੇ ਮਾਰੇ ਗਏ ਜਦੋਂ ਕਿ 38 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਹ ਘਟਨਾ ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ਦੇ ਨੇੜੇ ਮਸਤੁੰਗ ਜ਼ਿਲ੍ਹੇ ਵਿੱਚ ਵਾਪਰੀ, ਜੋ ਲੰਬੇ ਸਮੇਂ ਤੋਂ ਅੱਤਵਾਦ ਅਤੇ ਵੱਖਵਾਦੀ ਹਿੰਸਾ ਦੀ ਲਪੇਟ ਵਿੱਚ ਹੈ। ਸਥਾਨਕ ਪੁਲਿਸ ਦੇ ਅਨੁਸਾਰ, ਇਹ ਇਕ ਆਤਮਘਾਤੀ ਕਾਰ ਬੰਬ ਹਮਲਾ ਸੀ। ਹਮਲਾਵਰ ਨੇ ਬੱਚਿਆਂ ਦੀ ਬੱਸ ਦੇ ਸਾਹਮਣੇ ਵਿਸਫੋਟਕਾਂ ਨਾਲ ਭਰੀ ਕਾਰ ਨੂੰ ਉਡਾ ਦਿੱਤਾ। ਅਜੇ ਤੱਕ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਜ਼ਖਮੀਆਂ ਨੂੰ ਕਵੇਟਾ ਦੇ ਸਿਵਲ ਹਸਪਤਾਲ ਅਤੇ ਸੰਧਮਨ ਮੈਡੀਕਲ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ। ਕਈ ਜ਼ਖਮੀ ਬੱਚੇ ਜੀਵਨ ਸਹਾਇਤਾ ‘ਤੇ ਹਨ। * ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ “ਮਾਸੂਮ ਬੱਚਿਆਂ ‘ਤੇ ਹਮਲਾ ਅਣਮਨੁੱਖੀ ਅਤੇ ਕਾਇਰਤਾਪੂਰਨ ਹੈ।” ਬਲੋਚ ਵੱਖਵਾਦੀ ਅਤੇ ਅੱਤਵਾਦੀ ਸਮੂਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।