ਪਾਕਿਸਤਾਨ: ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਅੱਜ ਦੁਪਹਿਰ ਨੂੰ ਇਕ ਵਾਰ ਫਿਰ ਧਰਤੀ ਹਿੱਲੀ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.6 ਮਾਪੀ ਗਈ। ਇਹ ਝਟਕੇ ਬਲੋਚਿਸਤਾਨ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਮਹਿਸੂਸ ਕੀਤੇ ਗਏ। ਭਾਵੇਂ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਲਗਾਤਾਰ ਆ ਰਹੇ ਝਟਕਿਆਂ ਨੇ ਲੋਕਾਂ ਵਿੱਚ ਦਹਿਸ਼ਤ ਜ਼ਰੂਰ ਵਧਾ ਦਿੱਤੀ ਹੈ।
ਕਿੱਥੇ ਹੈ ਭੂਚਾਲ ਦਾ ਕੇਂਦਰ
ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਦੇ ਅਨੁਸਾਰ, ਭੂਚਾਲ ਦਾ ਕੇਂਦਰ ਪਾਕਿਸਤਾਨ ਵਿੱਚ 29.12° ਉੱਤਰੀ ਅਕਸ਼ਾਂਸ਼ ਅਤੇ 67.26° ਪੂਰਬੀ ਦੇਸ਼ਾਂਤਰ ‘ਤੇ ਸੀ। ਇਹ ਵਾਈਬ੍ਰੇਸ਼ਨ ਧਰਤੀ ਤੋਂ 10 ਕਿਲੋਮੀਟਰ ਹੇਠਾਂ ਤੋਂ ਆਈ। ਇਸਦੀ ਡੂੰਘਾਈ ਜ਼ਿਆਦਾ ਨਹੀਂ ਸੀ ਇਸ ਲਈ ਭੂਚਾਲ ਦੇ ਝਟਕੇ ਜ਼ਮੀਨ ‘ਤੇ ਕਾਫ਼ੀ ਸਪੱਸ਼ਟ ਤੌਰ ‘ਤੇ ਮਹਿਸੂਸ ਕੀਤੇ ਗਏ।
ਇਕ ਹਫ਼ਤੇ ਵਿੱਚ ਤੀਜੀ ਵਾਰ ਹਿੱਲੀ ਧਰਤੀ
ਪਾਕਿਸਤਾਨ ਵਿੱਚ ਬੀਤੇ ਦਿਨ ਹਫ਼ਤੇ ਵਿੱਚ ਇਹ ਤੀਜੀ ਵਾਰ ਹੈ ਜਦੋਂ ਭੂਚਾਲ ਦੇ ਝਟਕੇ ਦਰਜ ਕੀਤੇ ਗਏ ਹਨ। ਇਸ ਤੋਂ ਪਹਿਲਾਂ 5 ਮਈ ਅਤੇ 10 ਮਈ ਨੂੰ ਵੀ ਹਲਕੇ ਤੋਂ ਦਰਮਿਆਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇਨ੍ਹਾਂ ਲਗਾਤਾਰ ਝਟਕਿਆਂ ਨੇ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਇਸ ਖੇਤਰ ਵਿੱਚ ਵੱਡੇ ਭੂਚਾਲ ਦੀ ਸੰਭਾਵਨਾ ਹੈ?