ਰੋਪੜ ਸ਼ਹਿਰ ਵਿੱਚ ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ’ਤੇ ਇੱਕ ਨੌਜਵਾਨ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਪੀੜਤ ਦੀ ਪਛਾਣ ਮੁਕੇਸ਼ ਕੁਮਾਰ ਵਜੋਂ ਹੋਈ ਹੈ, ਜੋ ਰੋਪੜ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਸ ਦੇ ਚਿਹਰੇ ਅਤੇ ਮੋਢੇ ’ਤੇ ਸੱਟਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ।
ਸਾਹਮਣੇ ਆਈ CCTV ਫੁਟੇਜ ਵਿੱਚ ਕੁਝ ਵਿਅਕਤੀ ਮੁਕੇਸ਼ ਨੂੰ ਸਕੂਟੀ ’ਤੇ ਜਾਂਦੇ ਸਮੇਂ ਰੋਕਦੇ ਅਤੇ ਉਸ ਦੀ ਸਕੂਟੀ ਦੀ ਡਿੱਗੀ ਖੋਲ੍ਹ ਕੇ ਜਾਂਚ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਕੁਝ ਵਿਅਕਤੀ ਉਸ ਨੂੰ ਆਪਣੇ ਨਾਲ ਲੈ ਜਾਂਦੇ ਦਿਖਾਈ ਦੇ ਰਹੇ ਹਨ। ਪਰਿਵਾਰ ਦਾ ਦੋਸ਼ ਹੈ ਕਿ ਉਸ ਨੂੰ ਬਾਈਪਾਸ ਸਥਿਤ ਦਫ਼ਤਰ ਵਿੱਚ ਲਿਜਾ ਕੇ ਰਾਡਾਂ ਅਤੇ ਡੰਡਿਆਂ ਨਾਲ ਕੁੱਟਿਆ ਗਿਆ।
ਮੁਕੇਸ਼ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸ ਦਾ ਨਾਜਾਇਜ਼ ਸ਼ਰਾਬ ਵੇਚਣ ਨਾਲ ਕੋਈ ਸਬੰਧ ਨਹੀਂ ਹੈ। ਐੱਸ.ਐੱਚ.ਓ. ਪਵਨ ਕੁਮਾਰ ਮੁਤਾਬਕ ਪੁਲਿਸ ਨੇ ਹਸਪਤਾਲ ਪਹੁੰਚ ਕੇ ਉਸ ਦੇ ਬਿਆਨ ਦਰਜ ਕੀਤੇ ਹਨ। ਮੈਡੀਕਲ ਰਿਪੋਰਟ ਅਤੇ CCTV ਫੁਟੇਜ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਜਾਰੀ ਹੈ।
