ਐਜਬੈਸਟਨ: ਮਹਿਲਾ ਟੀ-20 ਵਿਸ਼ਵ ਕੱਪ ਦੇ ਇੱਕ ਰੋਮਾਂਚਕ ਮੁਕਾਬਲੇ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਪਣੇ ਚਿਰ ਵਿਰੋਧੀ ਪਾਕਿਸਤਾਨ ਨੂੰ 64 ਦੌੜਾਂ ਦੇ ਵੱਡੇ ਫਰਕ ਨਾਲ ਹਰਾਕੇ ਸ਼ਾਨਦਾਰ ਜਿੱਤ ਦਰਜ ਕੀਤੀ। ਭਾਰਤ ਦੀ ਇਸ ਜਿੱਤ ਵਿੱਚ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੀ ਤੂਫਾਨੀ ਪਾਰੀ ਅਤੇ ਦੀਪਤੀ ਸ਼ਰਮਾ ਦੀ ਕਾਤਿਲਾਨਾ ਗੇਂਦਬਾਜ਼ੀ ਨੇ ਅਹਿਮ ਭੂਮਿਕਾ ਨਿਭਾਈ।
ਐਜਬੈਸਟਨ ਮੈਦਾਨ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਬੱਲੇਬਾਜ਼ਾਂ ਨੇ ਸ਼ੁਰੂ ਤੋਂ ਹੀ ਆਕਰਮਕ ਰਵੱਈਆ ਅਪਣਾਇਆ ਅਤੇ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 170 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ।
ਭਾਰਤ ਲਈ ਸਮ੍ਰਿਤੀ ਮੰਧਾਨਾ ਨੇ ਸ਼ਾਨਦਾਰ ਅਰਧ ਸੈਂਕੜਾ ਜੜਦਿਆਂ 44 ਗੇਂਦਾਂ ਵਿੱਚ 68 ਦੌੜਾਂ ਬਣਾਈਆਂ। ਆਪਣੀ ਪਾਰੀ ਦੌਰਾਨ ਉਨ੍ਹਾਂ ਨੇ 9 ਚੌਕੇ ਅਤੇ 2 ਛੱਕੇ ਲਗਾਏ। ਕਪਤਾਨ ਹਰਮਨਪ੍ਰੀਤ ਕੌਰ ਨੇ ਵੀ ਜ਼ਿੰਮੇਵਾਰ ਬੱਲੇਬਾਜ਼ੀ ਕਰਦਿਆਂ 36 ਦੌੜਾਂ ਦਾ ਯੋਗਦਾਨ ਦਿੱਤਾ। ਮੱਧਕ੍ਰਮ ਵਿੱਚ ਰਿਚਾ ਘੋਸ਼ ਨੇ ਤੇਜ਼ ਰਫ਼ਤਾਰ ਨਾਲ ਖੇਡਦਿਆਂ ਸਿਰਫ਼ 17 ਗੇਂਦਾਂ ਵਿੱਚ 34 ਦੌੜਾਂ ਬਣਾਕੇ ਟੀਮ ਦੇ ਸਕੋਰ ਨੂੰ ਮਜ਼ਬੂਤੀ ਦਿੱਤੀ।
ਪਾਕਿਸਤਾਨੀ ਗੇਂਦਬਾਜ਼ਾਂ ਵਿੱਚ ਸਾਦੀਆ ਇਕਬਾਲ ਅਤੇ ਫਾਤਿਮਾ ਸਨਾ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ, ਜਦਕਿ ਤਸਮੀਆ ਰੁਬਾਬ ਅਤੇ ਰਮੀਨ ਸ਼ਮੀਮ ਨੇ ਇੱਕ-ਇੱਕ ਵਿਕਟ ਆਪਣੇ ਨਾਮ ਕੀਤੀ।
171 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨੀ ਟੀਮ ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਟਿਕ ਨਹੀਂ ਸਕੀ ਅਤੇ 17 ਓਵਰਾਂ ਵਿੱਚ 106 ਦੌੜਾਂ ‘ਤੇ ਹੀ ਸਿਮਟ ਗਈ। ਪਾਕਿਸਤਾਨ ਲਈ ਮੁਨੀਬਾ ਅਲੀ ਨੇ ਸਭ ਤੋਂ ਵੱਧ 41 ਦੌੜਾਂ ਬਣਾਈਆਂ, ਪਰ ਉਨ੍ਹਾਂ ਨੂੰ ਦੂਜੇ ਬੱਲੇਬਾਜ਼ਾਂ ਦਾ ਸਾਥ ਨਹੀਂ ਮਿਲਿਆ।
ਭਾਰਤ ਦੀ ਜਿੱਤ ਦੀ ਅਸਲ ਹੀਰੋ ਦੀਪਤੀ ਸ਼ਰਮਾ ਰਹੀ, ਜਿਨ੍ਹਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਸਿਰਫ਼ 10 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਸ਼੍ਰੀ ਚਰਨੀ ਨੇ ਵੀ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦਿਆਂ 3 ਵਿਕਟਾਂ ਆਪਣੇ ਨਾਮ ਕੀਤੀਆਂ, ਜਦਕਿ ਸ਼ੈਫਾਲੀ ਵਰਮਾ ਨੇ ਇੱਕ ਵਿਕਟ ਲਈ।
ਇਸ ਜਿੱਤ ਨਾਲ ਭਾਰਤੀ ਟੀਮ ਨੇ ਟੂਰਨਾਮੈਂਟ ਵਿੱਚ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ ਅਤੇ ਖਿਤਾਬ ਦੀ ਦੌੜ ਵਿੱਚ ਆਪਣਾ ਦਾਅਵਾ ਹੋਰ ਪੱਕਾ ਕਰ ਦਿੱਤਾ ਹੈ।












