Homeਪੰਜਾਬਵੂਮਨ ਜਰਨਲਿਸਟ ਕਨਕਲੇਵ 2026: ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਮਹਿਲਾ ਪੱਤਰਕਾਰਾਂ ਨੂੰ...

ਵੂਮਨ ਜਰਨਲਿਸਟ ਕਨਕਲੇਵ 2026: ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਮਹਿਲਾ ਪੱਤਰਕਾਰਾਂ ਨੂੰ ਵੰਡੇ ਪੁਰਸਕਾਰ, ਡਾ. ਗੁਰਪ੍ਰੀਤ ਕੌਰ ਮਾਨ ਨੇ ਮਹਿਲਾ ਪੱਤਰਕਾਰਾਂ ਨੂੰ ਨਿਡਰ ਹੋ ਕੇ ਕੰਮ ਕਰਨ ਦਾ ਦਿੱਤਾ ਸੱਦਾ

ਚੰਡੀਗੜ੍ਹ, 3 ਜੂਨ: ਦਿਸ਼ਾ ਵੂਮਨ ਵੈਲਫੇਅਰ ਟਰੱਸਟ ਅਤੇ ਇੰਡੀਅਨ ਵੂਮਨ ਜਰਨਲਿਸਟ ਐਸੋਸੀਏਸ਼ਨ ਵੱਲੋਂ ਪ੍ਰਧਾਨ ਹਰਦੀਪ ਕੌਰ ਦੀ ਅਗਵਾਈ ਹੇਠ ਹੋਟਲ ਹਿਆਤ ਸੈਂਟਿ੍ਰਕ, ਸੈਕਟਰ-17, ਚੰਡੀਗੜ੍ਹ ਵਿਖੇ ਵੂਮਨ ਜਰਨਲਿਸਟ ਕਨਕਲੇਵ 2026 ਅਤੇ ਮੀਡੀਆ ਐਕਸੀਲੈਂਸ ਅਵਾਰਡਸ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਲਗਭਗ 150 ਮਹਿਲਾ ਪੱਤਰਕਾਰਾਂ ਨੇ ਭਾਗ ਲਿਆ, ਜਦਕਿ ਲੁਧਿਆਣਾ, ਜਲੰਧਰ ਅਤੇ ਬਠਿੰਡਾ ਤੋਂ ਵੀ ਵੱਡੀ ਗਿਣਤੀ ਵਿੱਚ ਮਹਿਲਾ ਪੱਤਰਕਾਰਾਂ ਨੇ ਹਾਜ਼ਰੀ ਭਰੀ। ਇਸ ਸਾਲ ਦੇ ਕਨਕਲੇਵ ਦਾ ਕੇਂਦਰੀ ਥੀਮ ਸਿੱਖਿਆ, ਸਮਾਜ ਅਤੇ ਮਹਿਲਾ ਸਸ਼ਕਤੀਕਰਨ ਰਿਹਾ। ਸਮਾਗਮ ਦੌਰਾਨ ਇਸ ਗੱਲ ’ਤੇ ਵਿਸ਼ੇਸ਼ ਚਰਚਾ ਕੀਤੀ ਗਈ ਕਿ ਸਿੱਖਿਆ ਸੰਸਥਾਵਾਂ, ਮੀਡੀਆ ਅਤੇ ਸਮਾਜ ਮਿਲ ਕੇ ਮਹਿਲਾਵਾਂ ਲਈ ਬਿਹਤਰ ਮੌਕੇ ਕਿਵੇਂ ਪੈਦਾ ਕਰ ਸਕਦੇ ਹਨ ਅਤੇ ਉਨ੍ਹਾਂ ਦਾ ਮਾਰਗ-ਦਰਸ਼ਨ ਕਰਕੇ ਰੁਜ਼ਗਾਰ ਅਤੇ ਸਮਾਜਿਕ ਭਾਗੀਦਾਰੀ ਦੇ ਖੇਤਰਾਂ ਵਿੱਚ ਕਿਵੇਂ ਅੱਗੇ ਲਿਆਂਦਾ ਜਾ ਸਕਦਾ ਹੈ।
ਇਸ ਮੌਕੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਮਹਿਲਾ ਪੱਤਰਕਾਰਾਂ ਦਾ ਕੰਮ ਬਹੁਤ ਹੀ ਚੁਣੌਤੀਪੂਰਨ ਹੈ। ਦੁਰਘਟਨਾਵਾਂ, ਧਰਨਿਆਂ, ਪ੍ਰਦਰਸ਼ਨਾਂ ਅਤੇ ਹੋਰ ਅਹਿਮ ਘਟਨਾਵਾਂ ਦੀ ਕਵਰੇਜ ਦੌਰਾਨ ਮਹਿਲਾ ਪੱਤਰਕਾਰਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਸ ਦੇ ਬਾਵਜੂਦ ਉਹ ਪੂਰੀ ਨਿਡਰਤਾ ਅਤੇ ਸਮਰਪਣ ਨਾਲ ਆਪਣਾ ਫਰਜ਼ ਨਿਭਾਉਂਦੀਆਂ ਹਨ।ਡਾ. ਮਾਨ ਨੇ ਕਿਹਾ ਕਿ ਅੱਜ ਦੀਆਂ ਨੌਜਵਾਨ ਲੜਕੀਆਂ ਵਿੱਚ ਆਤਮ ਵਿਸ਼ਵਾਸ ਅਤੇ ਅੱਗੇ ਵੱਧਣ ਦੀ ਸੋਚ ਕਾਫ਼ੀ ਮਜ਼ਬੂਤ ਹੋਈ ਹੈ। ਕਈ ਲੜਕੀਆਂ ਆਪਣੇ ਡਿਜੀਟਲ ਪਲੇਟਫਾਰਮ, ਚੈਨਲ ਅਤੇ ਕਾਰੋਬਾਰ ਸਥਾਪਿਤ ਕਰਕੇ ਖੁਦ ਨੂੰ ਸਾਬਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਭਾਗੀਦਾਰੀ ਮੀਡੀਆ ਸਮੇਤ ਹਰ ਖੇਤਰ ਵਿੱਚ ਲਗਾਤਾਰ ਵਧ ਰਹੀ ਹੈ।ਉਨ੍ਹਾਂ ਕਿਹਾ ਕਿ ਪੱਤਰਕਾਰ ਸਮਾਜ ਦੀ ਆਵਾਜ਼ ਹੁੰਦੇ ਹਨ ਅਤੇ ਮਹਿਲਾ ਪੱਤਰਕਾਰ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਮਹਿਲਾ ਪੱਤਰਕਾਰਾਂ ਨੂੰ ਨਿਡਰ ਅਤੇ ਬੇਖੌਫ਼ ਹੋ ਕੇ ਕੰਮ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜਿੱਥੇ ਵੀ ਉਨ੍ਹਾਂ ਨੂੰ ਸਰਕਾਰ ਜਾਂ ਉਨ੍ਹਾਂ ਦੀ ਨਿੱਜੀ ਸਹਾਇਤਾ ਦੀ ਲੋੜ ਹੋਵੇਗੀ, ਉਹ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ। ਡਾ. ਮਾਨ ਨੇ ਭਰੋਸਾ ਦਿੱਤਾ ਕਿ ਜ਼ਮੀਨੀ ਪੱਧਰ ’ਤੇ ਕੰਮ ਕਰਦੀਆਂ ਮਹਿਲਾ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ, ਖਾਸ ਕਰਕੇ ਬੁਨਿਆਦੀ ਸਹੂਲਤਾਂ ਨਾਲ ਜੁੜੇ ਮੁੱਦਿਆਂ ਨੂੰ ਉਹ ਸਰਕਾਰ ਦੇ ਧਿਆਨ ਵਿੱਚ ਲਿਆਕੇ ਹੱਲ ਕਰਵਾਉਣਗੇ।
ਇਸ ਮੌਕੇ ਡਾ. ਮਾਨ ਨੇ ਚੜ੍ਹਦਕੀਲਾ ਗਰੁੱਪ ਦੇ ਚੇਅਰਮੈਨ ‘ਪਦਮ ਸ਼੍ਰੀ’ ਡਾ. ਜਗਜੀਤ ਸਿੰਘ ਦਰਦੀ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਦਿਆਂ ਕਿਹਾ ਕਿ ਡਾ. ਦਰਦੀ ਪੰਜਾਬੀ ਪੱਤਰਕਾਰੀ ਦੇ ‘ਬਾਬਾ ਬੋਹੜ’ ਹਨ ਜਿਨ੍ਹਾਂ ਨੇ ਪ੍ਰਿੰਟ ਅਤੇ ਡਿਜੀਟਲ ਮੀਡੀਆ ਦੇ ਆਪਣੇ ਵੱਖ-ਵੱਖ ਅਦਾਰਿਆਂ ਵਿੱਚ ਮਹਿਲਾ ਪੱਤਰਕਾਰਾਂ ਨੂੰ ਭਰਵੀਂ ਨੁਮਾਇੰਦਗੀ ਦਿੱਤੀ ਹੈ ਅਤੇ ਉਨ੍ਹਾਂ ਦਾ ਹੌਂਸਲਾ ਵਧਾਇਆ ਹੈ। ਉਨ੍ਹਾਂ ਨੇ ਡਾ. ਦਰਦੀ ਦੀ ਧਰਮ ਪਤਨੀ ਡਾ. ਜਸਵਿੰਦਰ ਕੌਰ ਦਰਦੀ ਅਤੇ ਸਪੁੱਤਰੀ ਡਾ. ਇੰਦਰਪ੍ਰੀਤ ਕੌਰ ਦਰਦੀ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਦਰਦੀ ਪਰਿਵਾਰ ਦੀਆਂ ਇਨ੍ਹਾਂ ਮਿਸਾਲੀ ਮਹਿਲਾ ਪੱਤਰਕਾਰਾਂ ਨੇ ਪੱਤਰਕਾਰੀ ਦੇ ਖੇਤਰ ਵਿੱਚ ਨਵੇਂ ਦਿਸਹੱਦੇ ਕਾਇਮ ਕੀਤੇ ਹਨ। ਡਾ. ਮਾਨ ਨੇ  ਡਾ. ਇੰਦਰਪ੍ਰੀਤ ਕੌਰ ਦਰਦੀ ਦਾ ਪੰਜਾਬੀ ਪੱਤਰਕਾਰੀ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ।
ਇਸ ਮੌਕੇ ਰੋਜ਼ਾਨਾ ਸਪੋਕਸਮੈਨ ਦੇ ਪ੍ਰਬੰਧ ਨਿਰਦੇਸ਼ਕ ਸ੍ਰੀਮਤੀ ਜਗਜੀਤ ਕੌਰ ਨੂੰ ਪੱਤਰਕਾਰੀ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ, ਦੂਰਦਰਸ਼ੀ ਅਗਵਾਈ ਅਤੇ ਲੰਬੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਵਿਸ਼ੇਸ਼ ਸੇਵਾਵਾਂ ਲਈ ਟਰੱਸਟ ਵੱਲੋਂ ‘ਲਾਈਫਟਾਈਮ ਅਚੀਵਮੈਂਟ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਦਿਸ਼ਾ ਵੂਮਨ ਵੈਲਫੇਅਰ ਟਰੱਸਟ ਅਤੇ ਇੰਡੀਅਨ ਵੂਮਨ ਜਰਨਲਿਸਟ ਐਸੋਸੀਏਸ਼ਨ ਦੀ ਪ੍ਰਧਾਨ ਹਰਦੀਪ ਕੌਰ ਨੇ ਮਹਿਲਾ ਪੱਤਰਕਾਰਾਂ ਦੇ ਸਨਮਾਨ ਲਈ ‘ਫੋਰਥ ਪਿਲਰ ਆਫ ਡੈਮੋਕਰੇਸੀ ਅਵਾਰਡ’ ਸ਼ੁਰੂ ਕਰਨ ਦੀ ਮੰਗ ਉਠਾਈ। ਉਨ੍ਹਾਂ ਕਿਹਾ ਕਿ ਮੀਡੀਆ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਮਹਿਲਾ ਪੱਤਰਕਾਰਾਂ ਨੂੰ ਸਰਕਾਰੀ ਪੱਧਰ ’ਤੇ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਇਸ ’ਤੇ ਡਾ. ਗੁਰਪ੍ਰੀਤ ਕੌਰ ਮਾਨ ਨੇ ਸਕਾਰਾਤਮਕ ਹੁੰਗਾਰਾ ਭਰਦਿਆਂ ਕਿਹਾ ਕਿ ਇਹ ਇੱਕ ਵਿਲੱਖਣ ਅਤੇ ਸ਼ਲਾਘਾਯੋਗ ਸੁਝਾਅ ਹੈ ਅਤੇ ਉਹ ਇਸ ਸਬੰਧੀ ਮੁੱਖ ਮੰਤਰੀ ਅਤੇ ਸਰਕਾਰ ਨਾਲ ਜ਼ਰੂਰ ਗੱਲਬਾਤ ਕਰਨਗੇ। ਸਮਾਗਮ ਵਿੱਚ ਗੈਸਟ ਆਫ ਆਨਰ ਵਜੋਂ ਸਰਦਾਰ ਮਨਜੀਤ ਸਿੰਘ, ਚੇਅਰਮੈਨ, ਦੁਆਬਾ ਗਰੁੱਪ ਆਫ ਕਾਲਜਜ਼; ਡਾ. ਅੰਸ਼ੂ ਕਟਾਰੀਆ, ਚੇਅਰਮੈਨ, ਆਰੀਅਨ ਗਰੁੱਪ ਆਫ ਕਾਲਜਜ਼; ਆਕਾਸ਼ ਗੋਇਲ, ਮੈਨੇਜਿੰਗ ਡਾਇਰੈਕਟਰ, ਆਈ.ਏ.ਐਸ. ਚਾਣਕਿਆ ਇੰਸਟੀਚਿਊਟ; ਮਨਦੀਪ ਕੌਰ ਟਾਂਗਰਾ, ਮੋਟੀਵੇਸ਼ਨਲ ਸਪੀਕਰ; ਕਪਿਲ ਸ਼ਰਮਾ, ਵਾਈ.ਬੀ.ਟੀ.ਸੀ. , ਜੇ.ਪੀ. ਸਿੰਘ ਚੇਅਰਮੈਨ ਰਾਮ ਟੈਕਸ, ਅੰਗਦ ਸਚਦੇਵਾ ਡਾਇਰੈਕਟਰ ਸਾਜ ਸਿਨੇ ਪ੍ਰੋਡਕਸ਼ਨ ਅਤੇ ਸੁਭਾਸ਼ ਗੋਇਲ ਵਰਦਾਨ ਫਾਊਂਡੇਸ਼ਨ ਦੇ ਡਾਇਰੈਕਟਰ ਸੁਭਾਸ਼ ਗੋਇਲ, ਡੇਲੀ ਪੋਸਟ ਦੇ ਮੈਨੇਜਿੰਗ ਡਾਇਰੈਕਟਰ ਜਗਦੀਪ ਸੰਧੂ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਹਰਦੀਪ ਕੌਰ ਨੇ ਮੁੱਖ ਮਹਿਮਾਨ, ਗੈਸਟ ਆਫ ਆਨਰ, ਪੈਨਲਿਸਟਾਂ, ਸਹਿਯੋਗੀ ਸੰਸਥਾਵਾਂ ਅਤੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਤੋਂ ਪਹੁੰਚੀਆਂ ਮਹਿਲਾ ਪੱਤਰਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਨਕਲੇਵ ਮਹਿਲਾ ਪੱਤਰਕਾਰਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤ ਕਰਨ, ਉਨ੍ਹਾਂ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰਨ ਅਤੇ ਸਿੱਖਿਆ, ਸਮਾਜ ਤੇ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਨਵੇਂ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments