ਗੁੜਗਾਓਂ: ਜੇਕਰ ਤੁਸੀਂ ਵੀ ਟਰੇਨ ਵਿੱਚ ਸਫ਼ਰ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਅਜਿਹਾ ਨਾ ਹੋਵੇ ਕਿ ਤੁਸੀਂ ਪਲੇਟਫਾਰਮ ਤੋਂ ਟਰੇਨ ਵਿੱਚ ਤਾਂ ਚੜ੍ਹ ਜਾਓ, ਪਰ ਤੁਹਾਡਾ ਸਾਮਾਨ ਟਰੇਨ ਵਿੱਚ ਚੜ੍ਹਨ ਤੋਂ ਪਹਿਲਾਂ ਹੀ ਗਾਇਬ ਹੋ ਜਾਵੇ। ਅਜਿਹਾ ਹੀ ਇੱਕ ਮਾਮਲਾ ਗੁੜਗਾਓਂ ਤੋਂ ਸਾਹਮਣੇ ਆਇਆ ਹੈ, ਜਿੱਥੇ ਟਰੇਨ ਰਾਹੀਂ ਚੰਡੀਗੜ੍ਹ ਜਾ ਰਹੀ ਇੱਕ ਮਹਿਲਾ ਦਾ ਚੋਰਾਂ ਨੇ ਗਹਿਣਿਆਂ ਨਾਲ ਭਰਿਆ ਪਰਸ ਚੋਰੀ ਕਰ ਲਿਆ। ਮਹਿਲਾ ਜਦੋਂ ਚੰਡੀਗੜ੍ਹ ਪਹੁੰਚੀ ਤਾਂ ਉਸ ਨੇ ਰੇਲਵੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
ਚੰਡੀਗੜ੍ਹ ਰੇਲਵੇ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਜ਼ੀਰੋ ਐੱਫ.ਆਈ.ਆਰ. ਦਰਜ ਕਰਕੇ ਅਗਲੀ ਕਾਰਵਾਈ ਲਈ ਗੁੜਗਾਓਂ ਭੇਜ ਦਿੱਤੀ ਹੈ। ਪੁਲਿਸ ਅਨੁਸਾਰ, ਰਾਣੀ ਮੱਗੋ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੇ ਪਤੀ ਨਾਲ 14 ਨਵੰਬਰ ਨੂੰ ਵੰਦੇ ਭਾਰਤ ਐਕਸਪ੍ਰੈੱਸ ਰਾਹੀਂ ਗੁੜਗਾਓਂ ਤੋਂ ਚੰਡੀਗੜ੍ਹ ਜਾ ਰਹੀ ਸੀ। ਉਨ੍ਹਾਂ ਕੋਲ ਹੋਰ ਸਾਮਾਨ ਦੇ ਨਾਲ-ਨਾਲ ਗਹਿਣਿਆਂ ਅਤੇ ਨਕਦੀ ਨਾਲ ਭਰਿਆ ਇੱਕ ਪਰਸ ਵੀ ਸੀ।
ਜਦੋਂ ਉਹ ਪਲੇਟਫਾਰਮ ਨੰਬਰ-2 ਤੋਂ ਟਰੇਨ ਵਿੱਚ ਸਵਾਰ ਹੋ ਰਹੀ ਸੀ ਤਾਂ ਉਸੇ ਦੌਰਾਨ ਅਣਪਛਾਤੇ ਚੋਰਾਂ ਨੇ ਉਨ੍ਹਾਂ ਦਾ ਪਰਸ ਚੋਰੀ ਕਰ ਲਿਆ। ਟਰੇਨ ਵਿੱਚ ਸਫ਼ਰ ਦੌਰਾਨ ਜਦੋਂ ਉਨ੍ਹਾਂ ਨੂੰ ਪਰਸ ਚੋਰੀ ਹੋਣ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਚੰਡੀਗੜ੍ਹ ਪਹੁੰਚ ਕੇ ਪੁਲਿਸ ਕੋਲ ਇਸ ਦੀ ਸ਼ਿਕਾਇਤ ਦਰਜ ਕਰਵਾਈ। ਚੰਡੀਗੜ੍ਹ ਰੇਲਵੇ ਪੁਲਿਸ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਜ਼ੀਰੋ ਐੱਫ.ਆਈ.ਆਰ. ਦਰਜ ਕਰਕੇ ਅਗਲੀ ਕਾਰਵਾਈ ਲਈ ਗੁੜਗਾਓਂ ਭੇਜ ਦਿੱਤੀ ਗਈ। ਗੁੜਗਾਓਂ ਰੇਲਵੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।










