ਮੁੰਬਈ: ਮੁੰਬਈ ਦੀ ਲੋਕਲ ਟ੍ਰੇਨ ਵਿੱਚ ਛੇੜਛਾੜ ਦਾ ਵਿਰੋਧ ਕਰਨ ’ਤੇ ਇੱਕ 20 ਸਾਲਾ ਲੜਕੀ ਨੂੰ ਪਟੜੀ ’ਤੇ ਧੱਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਟ੍ਰੇਨ ਦੀ ਲਪੇਟ ਵਿੱਚ ਆਉਣ ਕਾਰਨ ਲੜਕੀ ਦਾ ਇੱਕ ਹੱਥ ਕੱਟਿਆ ਗਿਆ, ਜਦਕਿ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਅਤੇ 16 ਟਾਂਕੇ ਲਗਾਉਣੇ ਪਏ। ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ 4 ਨਵੰਬਰ ਨੂੰ ਵਾਪਰੀ। ਪੀੜਤਾ ਗੋਰੇਗਾਓਂ ਤੋਂ ਨਾਈਗਾਓਂ ਜਾ ਰਹੀ ਲੋਕਲ ਟ੍ਰੇਨ ਵਿੱਚ ਸਫ਼ਰ ਕਰ ਰਹੀ ਸੀ। ਦੋਸ਼ ਹੈ ਕਿ ਇਸ ਦੌਰਾਨ ਜਤਿੰਦਰ ਹਿਰਮੁਖੇ ਨਾਮ ਦੇ ਵਿਅਕਤੀ ਨੇ ਉਸ ਨਾਲ ਛੇੜਛਾੜ ਕੀਤੀ।
ਦੱਸਿਆ ਗਿਆ ਹੈ ਕਿ ਜਦੋਂ ਲੜਕੀ ਨੇ ਇਸ ਹਰਕਤ ਦਾ ਵਿਰੋਧ ਕੀਤਾ ਤਾਂ ਦੋਵਾਂ ਵਿਚਕਾਰ ਝਗੜਾ ਹੋ ਗਿਆ। ਇਸ ਤੋਂ ਬਾਅਦ ਜਦੋਂ ਟ੍ਰੇਨ ਰੁਕੀ ਤਾਂ ਮੁਲਜ਼ਮ ਨੇ ਕਥਿਤ ਤੌਰ ’ਤੇ ਲੜਕੀ ਨੂੰ ਧੱਕਾ ਦੇ ਦਿੱਤਾ। ਇਸ ਕਾਰਨ ਉਹ ਦੋ ਡੱਬਿਆਂ ਵਿਚਕਾਰ ਡਿੱਗ ਗਈ ਅਤੇ ਟ੍ਰੇਨ ਦੀ ਲਪੇਟ ਵਿੱਚ ਆ ਗਈ।
ਹਾਦਸੇ ਵਿੱਚ ਉਸਦਾ ਹੱਥ ਕੱਟਿਆ ਗਿਆ ਅਤੇ ਸਿਰ ’ਤੇ ਗੰਭੀਰ ਸੱਟ ਲੱਗੀ। ਸਿਰ ਦੀ ਸੱਟ ’ਤੇ 16 ਟਾਂਕੇ ਲਗਾਏ ਗਏ। ਘਟਨਾ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਜਤਿੰਦਰ ਹਿਰਮੁਖੇ ਨੂੰ ਗ੍ਰਿਫ਼ਤਾਰ ਕਰ ਲਿਆ। ਮਾਮਲੇ ਸਬੰਧੀ ਹੋਰ ਜਾਂਚ ਜਾਰੀ ਹੈ।










