ਰੋਪੜ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਦਰਜ ਬਲਾਤਕਾਰ ਮਾਮਲੇ ਵਿੱਚ ਸ਼ਿਕਾਇਤਕਰਤਾ ਔਰਤ ਹੁਣ ਜਨਤਕ ਤੌਰ ’ਤੇ ਸਾਹਮਣੇ ਆਈ ਹੈ। ਬਹਿਰੀਨ ਵਿੱਚ ਰਹਿ ਰਹੀ ਇਹ ਔਰਤ ਸ੍ਰੀ ਆਨੰਦਪੁਰ ਸਾਹਿਬ ਪਹੁੰਚੀ ਅਤੇ ਅਕਾਲੀ ਆਗੂ ਰੂਪ ਕੌਰ ਸੰਧੂ ਦੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਲਾਈਵ ਹੋ ਕੇ ਆਪਣੇ ਪੱਖ ਅਤੇ ਇਨਸਾਫ਼ ਦੀ ਮੰਗ ਬਾਰੇ ਗੱਲ ਕੀਤੀ।
ਰਿਪੋਰਟਾਂ ਮੁਤਾਬਕ ਔਰਤ ਨੇ ਲਾਈਵ ਦੌਰਾਨ ਅਮਰਜੀਤ ਸਿੰਘ ਚਾਵਲਾ ’ਤੇ ਪਹਿਲਾਂ ਲਗਾਏ ਗੰਭੀਰ ਦੋਸ਼ਾਂ ਨੂੰ ਦੁਹਰਾਇਆ। ਉਸ ਨੇ ਕਿਹਾ ਕਿ ਉਸ ਵੱਲੋਂ ਮਾਮਲੇ ਸਬੰਧੀ ਪੰਥਕ ਸੰਸਥਾਵਾਂ ਦੇ ਕੁਝ ਆਗੂਆਂ ਨੂੰ ਜਾਣਕਾਰੀ ਦਿੱਤੀ ਗਈ ਸੀ ਅਤੇ ਹੁਣ ਉਹ ਇਨਸਾਫ਼ ਚਾਹੁੰਦੀ ਹੈ। ਵੀਡੀਓ ਵਿੱਚ ਉਸ ਨੇ ਆਪਣਾ ਚਿਹਰਾ ਢੱਕਿਆ ਹੋਇਆ ਸੀ।
ਇਹ ਮਾਮਲਾ 21 ਅਗਸਤ ਨੂੰ ਸ੍ਰੀ ਆਨੰਦਪੁਰ ਸਾਹਿਬ ਥਾਣੇ ਵਿੱਚ ਦਰਜ FIR ਤੋਂ ਬਾਅਦ ਸਾਹਮਣੇ ਆਇਆ ਸੀ। ਪੁਲਿਸ ਰਿਕਾਰਡ ਮੁਤਾਬਕ ਮਾਮਲੇ ਵਿੱਚ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 64, 127(2) ਅਤੇ 351(2) ਤਹਿਤ ਕੇਸ ਦਰਜ ਕੀਤਾ ਗਿਆ ਹੈ। FIR ਵਿੱਚ ਔਰਤ ਵੱਲੋਂ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ, ਗਲਤ ਤਰੀਕੇ ਨਾਲ ਹਿਰਾਸਤ ਵਿੱਚ ਰੱਖਣ ਅਤੇ ਧਮਕੀਆਂ ਨਾਲ ਸਬੰਧਤ ਦੋਸ਼ ਲਗਾਏ ਗਏ ਹਨ।
ਦੂਜੇ ਪਾਸੇ ਅਮਰਜੀਤ ਸਿੰਘ ਚਾਵਲਾ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਹੈ। ਉਨ੍ਹਾਂ FIR ਨੂੰ ਝੂਠਾ ਅਤੇ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਤਹਿਤ ਦੋਸ਼ ਲਗਾਏ ਗਏ ਹਨ। ਉਨ੍ਹਾਂ ਨੇ SGPC ਮੈਂਬਰਸ਼ਿਪ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਐਲਾਨ ਵੀ ਕੀਤਾ ਹੈ ਅਤੇ ਕਿਹਾ ਹੈ ਕਿ ਦੋਸ਼ਾਂ ਤੋਂ ਕਲੀਅਰ ਹੋਣ ਤੱਕ ਉਹ ਕਿਸੇ ਅਹੁਦੇ ’ਤੇ ਨਹੀਂ ਰਹਿਣਗੇ।












