ਗੈਜੇਟ ਡੈਸਕ : ਮੈਟਾ ਦੀ ਮਲਕੀਅਤ ਵਾਲਾ WhatsApp ਆਪਣੇ ਯੂਜ਼ਰਾਂ ਲਈ ਇੱਕ ਬਹੁਤ ਹੀ ਉਪਯੋਗੀ ਫੀਚਰ ਲੈ ਕੇ ਆਇਆ ਹੈ। ਹੁਣ ਜੇਕਰ ਤੁਹਾਡੀ ਕਾਲ ਰਿਸੀਵ ਨਾ ਹੋਵੇ, ਤਾਂ ਤੁਸੀਂ ਸਿੱਧੇ ਕਾਲ ਸਕ੍ਰੀਨ ਤੋਂ ਵੌਇਸ ਜਾਂ ਵੀਡੀਓ ਮੈਸੇਜ ਛੱਡ ਸਕਦੇ ਹੋ। ਇਹ ਅਪਡੇਟ ਫਿਲਹਾਲ iPhone ਯੂਜ਼ਰਾਂ ਲਈ App Store ‘ਤੇ ਉਪਲਬਧ ਹੈ ਅਤੇ ਜਲਦੀ ਹੀ ਬਾਕੀ ਡਿਵਾਈਸਾਂ ਤੱਕ ਵੀ ਪਹੁੰਚਣ ਦੀ ਉਮੀਦ ਹੈ।
ਮਿਸਡ ਕਾਲਾਂ ‘ਤੇ ਤੁਰੰਤ ਭੇਜੇ ਵੌਇਸ ਮੈਸੇਜ
WABetaInfo ਦੀ ਜਾਣਕਾਰੀ ਦੇ ਅਨੁਸਾਰ, ਸਭ ਤੋਂ ਵੱਡਾ ਬਦਲਾਵ ਇਹ ਹੈ ਕਿ ਕਾਲ ਨਾ ਚੁੱਕਣ ‘ਤੇ WhatsApp ਹੁਣ ‘Record voice message’ ਦਾ ਵਿਕਲਪ ਦਿਖਾਉਂਦਾ ਹੈ। ਤੁਸੀਂ ਉੱਥੋਂ ਹੀ ਇੱਕ ਛੋਟਾ ਜਿਹਾ ਆਡੀਓ ਰਿਕਾਰਡ ਕਰ ਸਕਦੇ ਹੋ, ਜੋ ਮਿਸਡ ਕਾਲ ਨੋਟੀਫਿਕੇਸ਼ਨ ਦੇ ਨਾਲ ਹੀ ਚੈਟ ਵਿੱਚ ਆਪਣੇ ਆਪ ਭੇਜ ਦਿੱਤਾ ਜਾਵੇਗਾ। ਇਹ ਫੀਚਰ ਉਦੋਂ ਖਾਸ ਤੌਰ ‘ਤੇ ਕੰਮ ਆਉਂਦਾ ਹੈ ਜਦੋਂ ਤੁਹਾਨੂੰ ਕੋਈ ਜ਼ਰੂਰੀ ਗੱਲ ਜਲਦੀ ਦੱਸਣੀ ਹੋਵੇ ਅਤੇ ਟਾਈਪ ਕਰਨ ਵਿੱਚ ਸਮਾਂ ਬਰਬਾਦ ਨ ਕਰਨਾ ਚਾਹੁੰਦੇ।
ਵੀਡੀਓ ਕਾਲ ਮਿਸ ਹੋਣ ‘ਤੇ ਵੀਡੀਓ ਮੈਸੇਜ ਭੇਜੋ
ਵੀਡੀਓ ਕਾਲ ਵਾਸਤੇ ਵੀ WhatsApp ਨੇ ਇਸੇ ਤਰ੍ਹਾਂ ਦੀ ਸਹੂਲਤ ਜੋੜੀ ਹੈ। ਜੇਕਰ ਸਾਹਮਣੇ ਵਾਲੇ ਨੇ ਤੁਹਾਡੀ ਵੀਡੀਓ ਕਾਲ ਨਹੀਂ ਚੁੱਕੀ ਤਾਂ ਤੁਸੀਂ ਤੁਰੰਤ ਇੱਕ ਛੋਟਾ ਵੀਡੀਓ ਮੈਸੇਜ ਰਿਕਾਰਡ ਕਰ ਸਕਦੇ ਹੋ। ਇਹ ਤਰੀਕਾ ਗੱਲਬਾਤ ਨੂੰ ਹੋਰ ਨਿੱਜੀ ਬਣਾਉਂਦਾ ਹੈ ਕਿਉਂਕਿ ਸਿਰਫ਼ ਮਿਸਡ ਕਾਲ ਦੇਖਣ ਦੀ ਬਜਾਏ ਰਿਸੀਵਰ ਨੂੰ ਇੱਕ ਵਿਜ਼ੂਅਲ ਮੈਸੇਜ ਵੀ ਮਿਲਦਾ ਹੈ ਜੋ ਦੱਸਦਾ ਹੈ ਕਿ ਤੁਸੀਂ ਕਾਲ ਕਿਉਂ ਕੀਤੀ।
ਕਾਲ ਟੈਬ ਦਾ ਨਵਾਂ ਡਿਜ਼ਾਈਨ
WhatsApp ਨੇ ਕਾਲ ਟੈਬ ਦਾ ਡਿਜ਼ਾਇਨ ਵੀ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਨਵਾਂ ‘ਯੂਨੀਫਾਈਡ ਕਾਲ ਹੱਬ’ ਸਾਰੀਆਂ ਕਾਲਾਂ ਨਾਲ ਜੁੜੀਆਂ ਗਤੀਵਿਧੀਆਂ ਜਿਵੇਂ ਕਿ ਕਾਂਟੈਕਟ ਐਕਸੈਸ ਕਰਨਾ, ਫੇਵਰੇਟ ਮੈਨੇਜ ਕਰਨਾ ਜਾਂ ਕਾਲ ਗਰੁੱਪ ਬਣਾਉਣਾ ਇੱਕ ਹੀ ਸੈਕਸ਼ਨ ਵਿੱਚ ਰੱਖਦਾ ਹੈ। ਹੁਣ ਇੱਥੋਂ ਤੁਸੀਂ ਇੱਕ ਟੈਪ ਵਿੱਚ ਵਨ-ਆਨ-ਵਨ ਕਾਲ ਜਾਂ 31 ਲੋਕਾਂ ਤੱਕ ਦੀ ਗਰੁੱਪ ਕਾਲ ਆਸਾਨੀ ਨਾਲ ਸ਼ੁਰੂ ਕਰ ਸਕਦੇ ਹੋ। ਨਵੇਂ ਲੇਆਉਟ ਨਾਲ ਕਾਲਿੰਗ ਹੋਰ ਤੇਜ਼ ਅਤੇ ਸੌਖੀ ਹੋ ਗਈ ਹੈ।
ਪਹਿਲੀ ਵਾਰ ਆਇਆ ਸ਼ਡਿਊਲਡ ਕਾਲ ਫੀਚਰ
WhatsApp ਨੇ ਇੱਕ ਹੋਰ ਜ਼ਰੂਰੀ ਫੀਚਰ ਜੋੜਿਆ ਹੈ ਕਾਲ ਸ਼ਡਿਊਲਿੰਗ। ਹੁਣ ਤੁਸੀਂ ਪਹਿਲਾਂ ਤੋਂ ਤੈਅ ਸਮੇਂ ਅਤੇ ਤਾਰੀਖ਼ ‘ਤੇ ਵੌਇਸ ਜਾਂ ਵੀਡੀਓ ਕਾਲ ਸ਼ਡਿਊਲ ਕਰ ਸਕਦੇ ਹੋ ਅਤੇ ਉਸ ਇਵੈਂਟ ਦਾ ਨੋਟੀਫਿਕੇਸ਼ਨ ਚੈਟ ਵਿੱਚ ਭੇਜ ਸਕਦੇ ਹੋ। ਸਾਰੇ ਭਾਗੀਦਾਰਾਂ ਨੂੰ ਕਾਲ ਦਾ ਅਲਰਟ ਮਿਲ ਜਾਂਦਾ ਹੈ ਜਿਸ ਨਾਲ ਜ਼ਰੂਰੀ ਮੀਟਿੰਗਾਂ, ਪਰਿਵਾਰਕ ਗੱਲਬਾਤ ਜਾਂ ਗਰੁੱਪ ਡਿਸਕਸ਼ਨ ਮਿਸ ਨਹੀਂ ਹੁੰਦੇ।
ਜਲਦੀ ਹੀ ਸਾਰਿਆਂ ਦੇ ਵਿੱਚ ਪਹੁੰਚੇਗਾ ਅੱਪਡੇਟ
ਕੰਪਨੀ ਇਹ ਅਪਡੇਟ ਹੌਲੀ-ਹੌਲੀ ਦੁਨੀਆ ਭਰ ਦੇ ਯੂਜ਼ਰਾਂ ਤੱਕ ਪਹੁੰਚਾ ਰਹੀ ਹੈ। ਪਰਫੋਰਮੈਂਸ ਸਥਿਰ ਹੁੰਦੇ ਹੀ ਇਸਨੂੰ ਸਾਰੇ ਡਿਵਾਈਸਾਂ ‘ਤੇ ਉਪਲਬਧ ਕਰ ਦਿੱਤਾ ਜਾਵੇਗਾ। ਨਵੇਂ ਫੀਚਰਾਂ ਦੇ ਨਾਲ WhatsApp ਦਾ ਟੀਚਾ ਹੈ ਕਿ ਸੰਚਾਰ ਨੂੰ ਪਹਿਲਾਂ ਨਾਲੋਂ ਜ਼ਿਆਦਾ ਤੇਜ਼, ਸਰਲ ਅਤੇ ਲਚਕੀਲਾ ਬਣਾਇਆ ਜਾਵੇ।











