ਕੋਲਕਾਤਾ: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਅੱਜ ਤ੍ਰਿਣਮੂਲ ਕਾਂਗਰਸ (TMC) ਦੇ ਰਾਜ ਸਭਾ ਮੈਂਬਰ ਨਦੀਮੁਲ ਹੱਕ ਨਾਲ ਜੁੜੇ ਇੱਕ ਉਰਦੂ ਰੋਜ਼ਾਨਾ ਅਖ਼ਬਾਰ ਦੇ ਖ਼ਿਲਾਫ਼ ਚੱਲ ਰਹੀ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਮੁਤਾਬਕ ਇਹ ਕਾਰਵਾਈ ਕੋਲਕਾਤਾ, ਦਿੱਲੀ ਅਤੇ ਝਾਰਖੰਡ ਦੇ ਰਾਂਚੀ ਵਿੱਚ ਕੀਤੀ ਗਈ। ਨਦੀਮੁਲ ਹੱਕ ‘ਅਖ਼ਬਾਰ-ਏ-ਮਸ਼ਰੀਕ ਪ੍ਰਾਈਵੇਟ ਲਿਮਟਿਡ’ ਦੇ ਡਾਇਰੈਕਟਰ ਹਨ। ਇਹ ਕੰਪਨੀ ਉਰਦੂ ਰੋਜ਼ਾਨਾ ਅਖ਼ਬਾਰ ‘ਅਖ਼ਬਾਰ-ਏ-ਮਸ਼ਰੀਕ’ ਪ੍ਰਕਾਸ਼ਿਤ ਕਰਦੀ ਹੈ।
ਅਧਿਕਾਰੀਆਂ ਮੁਤਾਬਕ ED ਦੀ ਜਾਂਚ ਅਖ਼ਬਾਰ ਰਾਹੀਂ ਕਥਿਤ ਤੌਰ ’ਤੇ ਅਜਿਹੀ ਸਮੱਗਰੀ ਪ੍ਰਕਾਸ਼ਿਤ ਅਤੇ ਪ੍ਰਸਾਰਿਤ ਕਰਨ ਦੇ ਦੋਸ਼ਾਂ ਨਾਲ ਜੁੜੀ ਹੈ, ਜਿਸ ਨਾਲ ਸੰਪਰਦਾਇਕ ਸਦਭਾਵਨਾ ਪ੍ਰਭਾਵਿਤ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਬੇਹਿਸਾਬ ਨਕਦੀ ਲੈਣ-ਦੇਣ ਅਤੇ ਸ਼ੱਕੀ ਸਰੋਤਾਂ ਤੋਂ ਫੰਡਿੰਗ ਦੇ ਦੋਸ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ED ਨੇ ਕੋਲਕਾਤਾ, ਦਿੱਲੀ ਅਤੇ ਰਾਂਚੀ ਵਿੱਚ ਲਗਭਗ 7 ਥਾਵਾਂ ’ਤੇ ਤਲਾਸ਼ੀ ਲਈ। ਇਹ ਮਾਮਲਾ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਤਹਿਤ ਦਰਜ ਕੇਸ ਨਾਲ ਸਬੰਧਤ ਦੱਸਿਆ ਗਿਆ ਹੈ।
ਅਧਿਕਾਰੀਆਂ ਅਨੁਸਾਰ ED ਵੱਲੋਂ ਦਰਜ ਕੀਤਾ ਗਿਆ ਮਾਮਲਾ ਬਿਧਾਨਨਗਰ ਪੁਲਸ ਕਮਿਸ਼ਨਰੇਟ ਵੱਲੋਂ ਦਰਜ ਕੀਤੀ ਗਈ FIR ਨਾਲ ਜੁੜਿਆ ਹੋਇਆ ਹੈ। ਫਿਲਹਾਲ ED ਦੀ ਕਾਰਵਾਈ ਨੂੰ ਲੈ ਕੇ ਨਦੀਮੁਲ ਹੱਕ ਜਾਂ ਤ੍ਰਿਣਮੂਲ ਕਾਂਗਰਸ ਵੱਲੋਂ ਕੋਈ ਤੁਰੰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।
ਦੂਜੇ ਪਾਸੇ, ‘ਅਖ਼ਬਾਰ-ਏ-ਮਸ਼ਰੀਕ’ ਨੇ ਆਪਣੀ ਵੈੱਬਸਾਈਟ ’ਤੇ ਅਖ਼ਬਾਰ ਨੂੰ ਦਹਾਕਿਆਂ ਪੁਰਾਣੀ ਵਿਰਾਸਤ ਦੱਸਦਿਆਂ ਨਿਡਰ ਪੱਤਰਕਾਰੀ, ਤਕਨੀਕੀ ਨਵੀਨਤਾ ਅਤੇ ਪਾਠਕਾਂ ਪ੍ਰਤੀ ਸਮਰਪਣ ’ਤੇ ਜ਼ੋਰ ਦਿੱਤਾ ਹੈ।












