ਚੰਡੀਗੜ੍ਹ: ਪੰਜਾਬ ਵਿੱਚ ਹੁਣ ਮਾਨਸੂਨ ਦਾ ਸੀਜ਼ਨ ਆਪਣੇ ਅੰਤ ਵੱਲ ਵਧ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਵਿੱਚੋਂ ਮਾਨਸੂਨ ਦੇ ਵਾਪਸੀ ਲਈ ਮੌਸਮ ਅਨੁਕੂਲ ਹੋ ਗਿਆ ਹੈ। ਮਾਨਸੂਨ ਦੀ ਵਾਪਸੀ ਦੀ ਲਾਈਨ ਇਸ ਸਮੇਂ ਪਟਿਆਲਾ ਅਤੇ ਗੁਰਦਾਸਪੁਰ ਦੇ ਆਲੇ-ਦੁਆਲੇ ਤੋਂ ਲੰਘ ਰਹੀ ਹੈ ਅਤੇ ਅਗਲੇ 2 ਤੋਂ 3 ਦਿਨਾਂ ਵਿੱਚ ਪੰਜਾਬ ਅਤੇ ਚੰਡੀਗੜ੍ਹ ਤੋਂ ਪੂਰੀ ਤਰ੍ਹਾਂ ਹਟਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਅਨੁਸਾਰ ਅੱਜ , 22 ਸਤੰਬਰ , ਮੰਗਲਵਾਰ ਨੂੰ ਪੰਜਾਬ ਦੇ ਸਾਰੇ ਜ਼ਿ ਲ੍ਹਿਆਂ ਵਿੱਚ ਮੌਸਮ ਮੁੱਖ ਤੌਰ ’ਤੇ ਸਾਫ਼ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ।ਫਿਲਹਾਲ ਸੂਬੇ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦੇ ਨਾਲ ਹੀ 22 ਸਤੰਬਰ ਤੋਂ 28 ਸਤੰਬਰ ਤੱਕ ਦੀ ਭਵਿੱਖਬਾਣੀ ਵਿੱਚ ਮੌਸਮ ਵਿਭਾਗ ਵੱਲੋਂ ਪੰਜਾਬ ਲਈ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ।
ਤਾਪਮਾਨ ਵਿੱਚ ਮਾਮੂਲੀ ਵਾਧਾ
ਮਾਨਸੂਨ ਦੇ ਜਾਣ ਨਾਲ ਤਾਪਮਾਨ ‘ਚ ਵੀ ਮਾਮੂਲੀ ਬਦਲਾਅ ਦੇਖਣ ਨੂੰ ਮਿਲਿਆ ਹੈ। ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਕਰੀਬ 0.4 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਤਾਪਮਾਨ ਹਾਲੇ ਵੀ ਆਮ ਦੇ ਆਸਪਾਸ ਬਣਿਆ ਹੋਇਆ ਹੈ। ਪਟਿਆਲਾ ਵਿੱਚ ਅੱਜ ਸੂਬੇ ਦਾ ਸਭ ਤੋਂ ਵੱਧ ਤਾਪਮਾਨ 35.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
12 ਸਾਲਾਂ ਵਿੱਚ ਸਭ ਤੋਂ ਕਮਜ਼ੋਰ ਬਰਸਾਤੀ ਮੌਸਮ
ਇਸ ਵਾਰ ਪੰਜਾਬ ਵਿੱਚ ਮਾਨਸੂਨ ਨੇ ਉਮੀਦ ਮੁਤਾਬਕ ਮੀਂਹ ਨਹੀਂ ਦਿੱਤਾ। 1 ਜੂਨ ਤੋਂ ਲੈ ਕੇ ਹੁਣ ਤੱਕ ਰਾਜ ਵਿੱਚ 267.8 ਮਿਲੀਮੀਟਰ ਵਰਖਾ ਦਰਜ ਕੀਤੀ ਗਈ ਹੈ, ਜਦੋਂ ਕਿ ਇਸ ਸਮੇਂ ਦੌਰਾਨ ਆਮ ਤੌਰ ‘ਤੇ 419.2 ਮਿਲੀਮੀਟਰ ਵਰਖਾ ਹੋਈ ਹੈ। ਇਸ ਹਿਸਾਬ ਨਾਲ ਮੀਂਹ ‘ਚ ਕਰੀਬ 36 ਫੀਸਦੀ ਦੀ ਕਮੀ ਆਈ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਪਿਛਲੇ 12 ਸਾਲਾਂ ਵਿੱਚ ਇਹ ਸਭ ਤੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ। ਇਸ ਸਾਲ ਮਾਨਸੂਨ 1 ਜੁਲਾਈ ਨੂੰ ਸੂਬੇ ‘ਚ ਪਹੁੰਚਿਆ ਸੀ ਅਤੇ ਕਰੀਬ 82 ਦਿਨਾਂ ਬਾਅਦ ਇਸ ਦੇ ਵਾਪਸੀ ਦਾ ਦੌਰ ਸ਼ੁਰੂ ਹੋ ਗਿਆ ਹੈ।
ਹਵਾਵਾਂ ਨੇ ਮੌਸਮ ਦਾ ਮਿਜਾਜ਼ ਹੀ ਬਦਲ ਦਿੱਤਾ ਹੈ
ਇਸ ਸਮੇਂ ਪੰਜਾਬ ਵਿੱਚ ਬਰਸਾਤੀ ਗਤੀਵਿਧੀਆਂ ਦੇ ਕਮਜ਼ੋਰ ਹੋਣ ਦਾ ਇੱਕ ਕਾਰਨ ਉੱਤਰ-ਪੱਛਮੀ ਹਵਾਵਾਂ ਵੀ ਹਨ। ਇਨ੍ਹਾਂ ਹਵਾਵਾਂ ਕਾਰਨ ਵਾਯੂਮੰਡਲ ਵਿੱਚ ਨਮੀ ਘੱਟ ਰਹੀ ਹੈ, ਜਿਸ ਕਾਰਨ ਮੀਂਹ ਲਈ ਅਨੁਕੂਲ ਹਾਲਾਤ ਨਹੀਂ ਬਣ ਰਹੇ। ਦੂਜੇ ਪਾਸੇ ਬੰਗਾਲ ਦੀ ਖਾੜੀ ਨੇੜੇ ਬਣਿਆ ਡੂੰਘਾ ਦਬਾਅ ਅੱਗੇ ਵਧ ਰਿਹਾ ਹੈ, ਜਿਸ ਕਾਰਨ ਮੱਧ ਭਾਰਤ ਵਿੱਚ ਮੀਂਹ ਜਾਰੀ ਰਹਿ ਸਕਦਾ ਹੈ। ਫਿਲਹਾਲ ਪੰਜਾਬ ‘ਚ ਇਸ ਦਾ ਅਸਰ ਦਿਖਾਈ ਨਹੀਂ ਦੇ ਰਿਹਾ ਹੈ ਅਤੇ ਸੂਬੇ ‘ਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ।












