ਮੁੰਬਈ : ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿੱਚ ਮੁੰਬਈ-ਅਹਿਮਦਾਬਾਦ ਨੈਸ਼ਨਲ ਹਾਈਵੇ ਉੱਤੇ ਹੋਇਆ ਇੱਕ ਭਿਆਨਕ ਸੜਕ ਹਾਦਸਾ ਦੇਸ਼ ਦੇ ਖੇਡ ਜਗਤ ਲਈ ਵੱਡਾ ਸਦਮਾ ਲੈ ਕੇ ਆਇਆ ਹੈ। ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਸੰਭਾਜੀ ਪਾਟਿਲ (27) ਦੀ ਇਸ ਹਾਦਸੇ ਵਿੱਚ ਮੌਕੇ ਉੱਤੇ ਹੀ ਮੌਤ ਹੋ ਗਈ। ਹਾਦਸੇ ਦੀ ਭਿਆਨਕਤਾ ਦਾ ਅੰਦਾਜ਼ਾ ਸਿਰਫ਼ ਕਾਰ ਦੀਆਂ ਤਸਵੀਰਾਂ ਦੇਖ ਕੇ ਲਗਾਇਆ ਜਾ ਸਕਦਾ ਹੈ। ਫਾਰਚੂਨਰ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਕੁਚਲਿਆ ਗਿਆ ਸੀ, ਦਰਵਾਜ਼ੇ ਮਰੋੜੇ ਗਏ ਸਨ ਅਤੇ ਗੱਡੀ ਦੇ ਕਈ ਪਾਰਟ ਕਈ ਮੀਟਰ ਦੂਰ ਖਿੰਡੇ ਹੋਏ ਸਨ। ਇਹ ਦ੍ਰਿਸ਼ ਇੰਨਾ ਭਿਆਨਕ ਸੀ ਕਿ ਬਚਾਅ ਕਰਮਚਾਰੀਆਂ ਨੇ ਵੀ ਮੰਨਿਆ ਕਿ ਕਾਰ ਦੀ ਹਾਲਤ ਖੁਦ ਬੋਲ ਰਹੀ ਸੀ।
ਕਦੋਂ ਵਾਪਰੀ ਘਟਨਾ?
ਘਟਨਾ ਬੀਤੀ ਦੇਰ ਰਾਤ ਦੀ ਹੈ, ਜਦੋ ਸੰਭਾਜੀ ਪਾਟਿਲ ਅਤੇ ਉਨ੍ਹਾਂ ਦੇ ਸਾਥੀ ਯਸ਼ ਪ੍ਰਸ਼ਾਂਤ ਚੌਧਰੀ (22) ਦੇ ਨਾਲ ਪੂਣੇ ਤੋਂ ਗੁਜਰਾਤ ਦੇ ਲਈ ਜਾ ਰਹੇ ਸਨ। ਹਾਈਵੇਅ ‘ਤੇ ਮਨੋਰ ਨੇੜੇ, ਉਨ੍ਹਾਂ ਦੀ ਤੇਜ਼ ਰਫ਼ਤਾਰ ਕਾਰ ਅਚਾਨਕ ਕੰਟਰੋਲ ਗੁਆ ਬੈਠੀ ਅਤੇ ਸੜਕ ਦੇ ਕਿਨਾਰੇ ਖੜ੍ਹੇ ਇੱਕ ਭਾਰੀ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਅਤੇ ਅੰਦਰ ਬੈਠੇ ਸੰਭਾਜੀ ਪਾਟਿਲ ਨੂੰ ਬਚਾਉਣ ਦੀ ਕੋਈ ਗੁੰਜਾਇਸ਼ ਨਹੀਂ ਬਚੀ।
ਇਸ ਹਾਦਸੇ ਵਿੱਚ ਸੰਭਾਜੀ ਪਾਟਿਲ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦੇ ਸਾਥੀ ਯਸ਼ ਚੌਧਰੀ ਗੰਭੀਰ ਜ਼ਖਮੀ ਹੋ ਗਏ ਹਨ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਲਾਜ ਚੁਣੌਤੀਪੂਰਨ ਹੈ, ਪਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਹਾਲਾਤ ਵਿੱਚ ਸੁਧਾਰ ਲਿਆਦਾ ਜਾਵੇ।
ਸੰਭਾਜੀ ਪਾਟਿਲ ਦੇਸ਼ ਦੇ ਸਭ ਤੋਂ ਹੁਸ਼ਿਆਰ ਨਿਸ਼ਾਨੇਬਾਜ਼ਾਂ ਵਿੱਚੋਂ ਇੱਕ ਸਨ। ਉਨ੍ਹਾਂ ਨੇ 25 ਮੀਟਰ ਸਟੈਂਡਰਡ ਪਿਸਟਲ ਸ਼੍ਰੇਣੀ ਵਿੱਚ ਮੁਹਾਰਤ ਸਨ ਅਤੇ ਜੂਨੀਅਰ ਵਿਸ਼ਵ ਕੱਪ ਵਿੱਚ ਸੋਨ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ। ਵਰਤਮਾਨ ਵਿੱਚ ਉਹ ਪੁਣੇ ਦੇ ਬਾਲੇਵਾੜੀ ਸਪੋਰਟਸ ਕੰਪਲੈਕਸ ਵਿੱਚ ਇੱਕ ਖੇਡ ਅਧਿਕਾਰੀ ਵਜੋਂ ਕੰਮ ਕਰ ਰਹੇ ਸਨ। ਉਨ੍ਹਾਂ ਦੀ ਪ੍ਰਤਿਭਾ, ਅਨੁਸ਼ਾਸਨ ਅਤੇ ਪ੍ਰਾਪਤੀਆਂ ਦੇ ਕਾਰਨ ਖੇਡ ਜਗਤ ਵਿੱਚ ਉਨ੍ਹਾਂ ਦਾ ਵਿਸ਼ੇਸ਼ ਸਥਾਨ ਸੀ।
ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਖੇਡ ਜਗਤ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਉਨ੍ਹਾਂ ਦੇ ਕੋਚਾਂ, ਸਾਥੀ ਖਿਡਾਰੀਆਂ ਅਤੇ ਜਾਣਕਾਰਾਂ ਨੇ ਇਸਨੂੰ ਭਾਰਤੀ ਨਿਸ਼ਾਨੇਬਾਜ਼ੀ ਲਈ ਇੱਕ ਵੱਡਾ ਨੁਕਸਾਨ ਦੱਸਿਆ ਹੈ। ਉਨ੍ਹਾਂ ਦੇ ਜੱਦੀ ਸ਼ਹਿਰ ਛਤਰਪਤੀ ਸੰਭਾਜੀਨਗਰ ਵਿੱਚ ਵੀ ਮਾਤਮ ਦਾ ਮਾਹੌਲ ਹੈ। ਪੁਲਿਸ ਨੇ ਇਸ ਮਾਮਲੇ ਤੇ ਕੇਸ ਦਰਜ ਕਰ ਲਿਆ ਹੈ ਅਤੇ ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਕਰ ਰਹੀ ਹੈ।












