ਮੁੰਬਈ : ਬਾਲੀਵੁੱਡ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਪੰਕਜ ਧੀਰ, ਅਸਰਾਨੀ ਅਤੇ ਸਤੀਸ਼ ਸ਼ਾਹ ਵਰਗੇ ਦਿੱਗਜਾਂ ਦੇ ਬਾਅਦ ਹਿੰਦੀ ਸਿਨੇਮਾ ਦੀ ਇੱਕ ਸਤਿਕਾਰਯੋਗ ਅਤੇ ਪ੍ਰਸਿੱਧ ਅਦਾਕਾਰਾ ਕਾਮਿਨੀ ਕੌਸ਼ਲ ਦਾ ਦੇਹਾਂਤ ਹੋ ਗਿਆ ਹੈ। ਉਹ 98 ਸਾਲ ਦੀ ਸੀ। ਕਿਹਾ ਜਾਂਦਾ ਹੈ ਕਿ ਉਮਰ ਸਬੰਧੀ ਸਿਹਤ ਸਮੱਸਿਆਵਾਂ ਕਾਰਨ ਉਨ੍ਹਾਂ ਦੀ ਜਾਨ ਗਈ ਹੈ। ਹਾਲਾਂਕਿ, ਪਰਿਵਾਰ ਨੇ ਫੈਨਸ ਅਤੇ ਲੋਕਾਂ ਨੂੰ ਨਿੱਜਤਾ ਦਾ ਖਿਆਲ ਰੱਖਣ ਦੀ ਅਪੀਲ ਕੀਤੀ ਹੈ। ਕਾਮਿਨੀ ਕੌਸ਼ਲ ਦਾ ਭਾਰਤੀ ਸਿਨੇਮਾ ਵਿੱਚ 7 ਦਹਾਕਿਆਂ ਤੋਂ ਵੱਧ ਲੰਬਾ ਕਰੀਅਰ ਰਿਹਾ ਹੈ। ਉਹ ਆਖਰੀ ਵਾਰ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ ਵਿੱਚ ਕੈਮਿਓ ਰੋਲ ਵਿੱਚ ਨਜ਼ਰ ਆਈ ਸੀ।
ਫਿਲਮ “ਨੀਚਾ ਨਗਰ” ਨਾਲ ਬਾਲੀਵੁੱਡ ਵਿੱਚ ਰੱਖਿਆ ਕਦਮ
ਕਾਮਿਨੀ ਕੌਸ਼ਲ ਦਾ ਜਨਮ 24 ਫਰਵਰੀ, 1927 ਨੂੰ ਬ੍ਰਿਟਿਸ਼ ਭਾਰਤ ਦੇ ਲਾਹੌਰ ਵਿੱਚ ਹੋਇਆ ਸੀ। ਉਹ ਦੋ ਭਰਾਵਾਂ ਅਤੇ ਤਿੰਨ ਭੈਣਾਂ ਵਿੱਚੋਂ ਸਭ ਤੋਂ ਛੋਟੀ ਸੀ। ਉਸਦੇ ਪਿਤਾ ਲਾਹੌਰ ਦੀ ਪੰਜਾਬ ਯੂਨੀਵਰਸਿਟੀ ਵਿੱਚ ਬਨਸਪਤੀ ਵਿਗਿਆਨ ਦੇ ਪ੍ਰੋਫੈਸਰ ਸਨ। ਉਹ ਪ੍ਰੋਫੈਸਰ ਸ਼ਿਵ ਰਾਮ ਕਸ਼ਯਪ ਦੀ ਧੀ ਸੀ, ਜਿਨ੍ਹਾਂ ਨੂੰ ਭਾਰਤੀ ਬਨਸਪਤੀ ਵਿਗਿਆਨ ਦਾ ਪਿਤਾ ਮੰਨਿਆ ਜਾਂਦਾ ਹੈ। ਕਾਮਿਨੀ ਕੌਸ਼ਲ ਨੇ 1946 ਵਿੱਚ ਫਿਲਮ “ਨੀਚਾ ਨਗਰ” ਨਾਲ ਬਾਲੀਵੁੱਡ ਵਿੱਚ ਪ੍ਰਵੇਸ਼ ਕੀਤਾ। ਇਹ ਪਹਿਲੀ ਭਾਰਤੀ ਫ਼ਿਲਮ ਬਣੀ, ਜਿਸਨੇ ਕਾਨ ਫ਼ਿਲਮ ਫੈਸਟੀਵਲ ਵਿੱਚ ਬੈਸਟ ਫ਼ਿਲਮ ਦਾ ਇਨਾਮ ਜਿੱਤਿਆ ਅਤੇ ਪਾਮ ਡੀ’ਓਰ ਇਨਾਮ ਜਿੱਤਣ ਵਾਲੀ ਇੱਕੋ ਇੱਕ ਭਾਰਤੀ ਫ਼ਿਲਮ ਬਣੀ ਰਹੀ।
ਤਿੰਨ ਦਹਾਕਿਆਂ ਤੱਕ ਸਭ ਤੋਂ ਮਹਿੰਗੀ ਅਦਾਕਾਰਾ ਰਹੀ ਕਾਮਿਨੀ ਕੌਸ਼ਲ
ਕਾਮਿਨੀ ਕੌਸ਼ਲ 1940 ਦੇ ਦਹਾਕੇ ਅਤੇ ਉਸ ਤੋਂ ਬਾਅਦ 60 ਦੇ ਦਹਾਕੇ ਤੱਕ, ਬਾਲੀਵੁੱਡ ਦੀ ਸਭ ਤੋਂ ਮਹਿੰਗੀ ਅਦਾਕਾਰਾ ਰਹੀ ਹੈ। ਸਾਲ 1956 ਵਿੱਚ ਉਨ੍ਹਾਂ ਨੂੰ ‘ਬਿਰਾਜ ਬਹੂ’ ਲਈ ਬੈਸਟ ਅਦਾਕਾਰਾ ਦਾ ਐਵਾਰਡ ਮਿਲਿਆ। ਜਦੋਂ ਕਿ 2015 ਵਿੱਚ ਫਿਲਮਫੇਅਰ ਨੇ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ। ਸਾਲ 2020 ਵਿੱਚ ਆਈ ਸ਼ਾਹਿਦ ਕਪੂਰ ਦੀ ‘ਕਬੀਰ ਸਿੰਘ’ ਲਈ ਕਾਮਿਨੀ ਕੌਸ਼ਲ ਨੂੰ ਬੈਸਟ ਸਪੋਰਟਿੰਗ ਐਕਟਰੈਸ ਦਾ ਫਿਲਮਫੇਅਰ ਨਾਮਜ਼ਦਗੀ ਵੀ ਮਿਲਿਆ ਸੀ।
ਕਾਮਿਨੀ ਕੌਸ਼ਲ ਦੀਆਂ ਫਿਲਮਾਂ
ਕਾਮਿਨੀ ਕੌਸ਼ਲ ਦੀਆਂ ਸਭ ਤੋਂ ਚਰਚਿਤ ਫਿਲਮਾਂ ਦੀ ਗੱਲ ਕਰੀਏ ਤਾਂ ‘ਦੋ ਭਾਈ’ (1947), ‘ਸ਼ਹੀਦ’ (1948), ‘ਨਦੀਆ ਕੇ ਪਾਰ’ (1948), ‘ਜ਼ਿੱਦੀ’ (1948), ‘ਸ਼ਬਨਮ’ (1949), ‘ਪਾਰਸ’ (1949), ‘ਨਮੂਨਾ’ (1949), ‘ਆਰਜ਼ੂ’ (1950), ‘ਝਾਂਝਰ’ (1953), ‘ਆਬਰੂ’ (1956), ‘ਬੜੇ ਸਰਕਾਰ’ (1957), ‘ਜੇਲਰ’ (1958), ‘ਨਾਈਟ ਕਲੱਬ’ (1958) ਅਤੇ ‘ਗੋਦਾਨ’ (1963) ਉਨ੍ਹਾਂ ਦੇ ਕਰੀਅਰ ਦੀਆਂ ਸਭ ਤੋਂ ਵਧੀਆ ਫਿਲਮਾਂ ਮੰਨੀਆਂ ਜਾਂਦੀਆਂ ਹਨ। ਸਾਲ 1965 ਵਿੱਚ ਆਈ ‘ਸ਼ਹੀਦ’ ਵਿੱਚ ਉਨ੍ਹਾਂ ਦੇ ਕਰਦਾਰ ਦੀ ਬਹੁਤ ਤਾਰੀਫ ਹੋਈ ਸੀ।
ਹਾਲ ਹੀ ਦੇ ਸਾਲਾਂ ਵਿੱਚ ਸ਼ਾਹਰੁਖ ਅਤੇ ਆਮਿਰ ਦੇ ਨਾਲ ਕੀਤਾ ਕੰਮ
ਹਾਲਾਂਕਿ ਨੱਬੇ ਦੇ ਦਹਾਕੇ ਅਤੇ ਉਸ ਤੋਂ ਬਾਅਦ ਉਹ ਬਹੁਤ ਜ਼ਿਆਦਾ ਐਕਟਿਵ ਨਹੀਂ ਰਹੀ। ਫਿਰ ਵੀ ਹਾਲ ਹੀ ਦੇ ਕੁਝ ਸਾਲਾਂ ਵਿੱਚ ਉਹ ‘ਲਾਗਾ ਚੁੰਨਰੀ ਮੇਂ ਦਾਗ’, ‘ਚੇਨਈ ਐਕਸਪ੍ਰੈੱਸ’, ‘ਕਬੀਰ ਸਿੰਘ’ ਅਤੇ ‘ਲਾਲ ਸਿੰਘ ਚੱਢਾ’ ਵਿੱਚ ਨਜ਼ਰ ਆਈ ਸੀ।











