ਕਟੜਾ : ਲਗਾਤਾਰ ਤਿੰਨ ਦਿਨਾਂ ਤੱਕ ਖਰਾਬ ਮੌਸਮ ਦੇ ਕਾਰਨ ਰੋਕੀ ਗਈ ਸ਼੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ਨੂੰ ਅੱਜ ਸਵੇਰੇ ਤੋਂ ਇੱਕ ਵਾਰ ਫਿਰ ਸੁਚਾਰੂ ਰੂਪ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਇਨ ਬੋਰਡ ਪਰਸ਼ਾਸਨ ਨੇ ਮੌਸਮ ਵਿੱਚ ਸੁਧਾਰ ਦੇ ਬਾਅਦ ਯਾਤਰਾ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਅਨੁਮਤੀ ਦਿੱਤੀ, ਜਿਸ ਨਾਲ ਸ਼ਰਧਾਲੂਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
5 ਤੋਂ 7 ਅਕਤੂਬਰ, 2025 ਤੱਕ ਯਾਤਰਾ ਰਹੀ ਬੰਦ
ਦੱਸ ਦੇਈਏ ਕਿ ਇਸ ਤੋਂ ਪਹਿਲਾਂ 26 ਅਗਸਤ ਨੂੰ ਭਵਨ ਮਾਰਗ ਉੱਤੇ ਅਰਧਕੁਆਰੀ ਦੇ ਕੋਲ ਹੋਏ ਇੱਕ ਵੱਡੇ ਹਾਦਸੇ ਵਿੱਚ ਲਗਭਗ 35 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ ‘ਤੇ ਯਾਤਰਾ ਨੂੰ 22 ਦਿਨਾਂ ਲਈ ਰੋਕ ਦਿੱਤਾ ਸੀ। ਮੌਸਮ ਠੀਕ ਹੋਣ ‘ਤੇ ਯਾਤਰਾ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਸੀ। ਇਸੇ ਤਰ੍ਹਾਂ 5, 6 ਅਤੇ 7 ਅਕਤੂਬਰ ਨੂੰ ਵੀ ਮੌਸਮ ਵਿਭਾਗ ਵੱਲੋਂ ਖਰਾਬ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ, ਜਿਸ ਦੇ ਚਲਦਿਆਂ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਯਾਤਰਾ ਨੂੰ ਤਿੰਨ ਦਿਨਾਂ ਲਈ ਮੁਲਤਵੀ ਰੱਖਿਆ ਗਿਆ ਸੀ।
ਮੌਸਮ ਸਾਫ਼ ਹੁੰਦੇ ਹੀ ਸ਼ਰਧਾਲੂ ਭਵਨ ਲਈ ਹੋਏ ਰਵਾਨਾ
ਕੱਟੜਾ ਵਿੱਚ ਠਹਿਰੇ ਹੋਏ ਯਾਤਰੀਆਂ ਦੇ ਲਈ ਬਦਲਵੇਂ ਪ੍ਰਬੰਧ ਕੀਤੇ ਗਏ। ਸਥਾਨਕ ਪ੍ਰਸ਼ਾਸਨ ਹਾਲਾਤ ‘ਤੇ ਨਜ਼ਰ ਰੱਖ ਰਿਹਾ ਸੀ। ਬੋਰਡ ਨੇ ਸਪੱਸ਼ਟ ਕੀਤਾ ਸੀ ਕਿ ਮੌਸਮ ਵਿੱਚ ਸੁਧਾਰ ਹੁੰਦੇ ਹੀ ਯਾਤਰਾ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇਗਾ। ਉੱਥੇ ਹੀ, ਅੱਜ ਮੌਸਮ ਸਾਫ਼ ਹੁੰਦੇ ਹੀ ਸਵੇਰ ਤੋਂ ਹੀ ਸ਼ਰਧਾਲੂਆਂ ਦੇ ਜੱਥੇ ਕੱਟੜਾ ਤੋਂ ਭਵਨ ਵੱਲ ਰਵਾਨਾ ਹੋਏ। ਪ੍ਰਸ਼ਾਸਨ ਨੇ ਸੁਰੱਖਿਆ ਅਤੇ ਵਿਵਸਥਾ ਦੇ ਪੁਖ਼ਤਾ ਇੰਤਜ਼ਾਮ ਕੀਤੇ ਹਨ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਪ੍ਰਕਾਰ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।











