Homeਦੇਸ਼ਤਿਉਹਾਰਾਂ ਤੋਂ ਪਹਿਲਾਂ FDA ਦਾ ਐਕਸ਼ਨ, ਮਿਲਾਵਟੀ ਦੁੱਧ ਤੇ ਕੈਮੀਕਲ ਕੇਲੇ ਜ਼ਬਤ

ਤਿਉਹਾਰਾਂ ਤੋਂ ਪਹਿਲਾਂ FDA ਦਾ ਐਕਸ਼ਨ, ਮਿਲਾਵਟੀ ਦੁੱਧ ਤੇ ਕੈਮੀਕਲ ਕੇਲੇ ਜ਼ਬਤ

ਮੁੰਬਈ: ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਅਤੇ ਨਿਯਮਾਂ ਦੀ ਉਲੰਘਣਾ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਵਿਭਾਗ ਨੇ ਤੁਰਭੇ APMC ਫਰੂਟ ਮਾਰਕੀਟ ਵਿੱਚ ਕੈਮੀਕਲ ਦੀ ਮਦਦ ਨਾਲ ਪਕਾਏ ਜਾ ਰਹੇ 1,394 ਕਿਲੋ ਕੇਲੇ ਜ਼ਬਤ ਕੀਤੇ ਹਨ। ਇਸ ਤੋਂ ਇਲਾਵਾ ਸੂਬੇ ਵਿੱਚ ਵੱਖ-ਵੱਖ ਥਾਵਾਂ ’ਤੇ ਜਾਂਚ ਦੌਰਾਨ ਡਿਟਰਜੈਂਟ ਵਾਲਾ 16,730 ਲੀਟਰ ਦੁੱਧ ਨਸ਼ਟ ਕਰਵਾਇਆ ਗਿਆ।

ਕੇਮਿਕਲ ਨਾਲ ਪਕਾਏ ਜਾ ਰਹੇ ਸਨ ਕੇਲੇ

FDA ਦੀ ਟੀਮ ਨੇ ਸੂਚਨਾ ਮਿਲਣ ਤੋਂ ਬਾਅਦ 5 ਅਕਤੂਬਰ ਨੂੰ ਤੁਰਭੇ ਦੇ ਸੈਕਟਰ-19 ਸਥਿਤ APMC ਫਰੂਟ ਮਾਰਕੀਟ ਵਿੱਚ ਇੱਕ ਫਲਾਂ ਦੀ ਦੁਕਾਨ ’ਤੇ ਛਾਪਾ ਮਾਰਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਕੇਲਿਆਂ ਨੂੰ BTHILEX (ਐਥੇਫੋਨ 39% SL) ਦੇ ਘੋਲ ਵਿੱਚ ਡੁਬੋ ਕੇ ਪਕਾਇਆ ਜਾ ਰਿਹਾ ਸੀ।

ਵਿਕਰੇਤਾ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਪੰਜ ਲੀਟਰ ਪਾਣੀ ਵਿੱਚ ਇਸ ਕੈਮੀਕਲ ਦੇ ਦੋ ਢੱਕਣ ਮਿਲਾਏ ਸਨ। ਕਾਰਵਾਈ ਦੌਰਾਨ FDA ਨੇ ਕੁੱਲ 1,394 ਕਿਲੋ ਕੇਲੇ ਜ਼ਬਤ ਕੀਤੇ। ਇਨ੍ਹਾਂ ਵਿੱਚ 198 ਕਿਲੋ ਸੁੰਦਰੀ, 498 ਕਿਲੋ ਇਲਾਇਚੀ ਅਤੇ 698 ਕਿਲੋ ਖੱਟਾ-ਮਿੱਠਾ ਕਿਸਮ ਦੇ ਕੇਲੇ ਸ਼ਾਮਲ ਸਨ। ਜ਼ਬਤ ਕੀਤੇ ਸਮਾਨ ਦੀ ਕੀਮਤ ਲਗਭਗ 67,814 ਰੁਪਏ ਦੱਸੀ ਗਈ ਹੈ। ਅਧਿਕਾਰੀਆਂ ਨੇ ਕੇਲਿਆਂ ਅਤੇ ਵਰਤੇ ਜਾ ਰਹੇ ਕੈਮੀਕਲ ਦੇ ਘੋਲ ਦੇ ਨਮੂਨੇ ਵੀ ਜਾਂਚ ਲਈ ਲਏ ਹਨ।

ਕੈਮੀਕਲ ਦੇ ਨਕਲੀ ਹੋਣ ਦਾ ਵੀ ਸ਼ੱਕ

FDA ਮੁਤਾਬਕ ਕੈਮੀਕਲ ਦੇ ਕੰਟੇਨਰ ’ਤੇ ਨਿਰਮਾਤਾ ਸਬੰਧੀ ਜਾਣਕਾਰੀ ਸ਼ੱਕੀ ਪਾਈ ਗਈ। ਇਸ ਤੋਂ ਇਲਾਵਾ ਉਸ ’ਤੇ ਲੋੜੀਂਦਾ CIB&RC ਰਜਿਸਟ੍ਰੇਸ਼ਨ ਨੰਬਰ ਵੀ ਦਰਜ ਨਹੀਂ ਸੀ। ਇਸ ਕਾਰਨ ਅਧਿਕਾਰੀਆਂ ਨੇ ਕੈਮੀਕਲ ਦੇ ਨਕਲੀ ਹੋਣ ਦਾ ਸ਼ੱਕ ਜਤਾਇਆ ਹੈ।

ਮਾਮਲੇ ਵਿੱਚ APMC ਪੁਲਿਸ ਸਟੇਸ਼ਨ ਵਿੱਚ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2006, BNS 2023 ਅਤੇ ਇਨਸੈਕਟੀਸਾਈਡਜ਼ ਐਕਟ 1968 ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

FDA ਨੇ ਸਪੱਸ਼ਟ ਕੀਤਾ ਕਿ FSSAI ਦੇ ਨਿਯਮਾਂ ਤਹਿਤ ਫਲ ਪਕਾਉਣ ਲਈ ਬੰਦ ਕਮਰਿਆਂ ਵਿੱਚ ਨਿਰਧਾਰਤ ਹੱਦ ਤੱਕ ਐਥੀਲੀਨ ਗੈਸ ਦੀ ਵਰਤੋਂ ਕੀਤੀ ਜਾ ਸਕਦੀ ਹੈ, ਪਰ ਫਲਾਂ ਨੂੰ ਸਿੱਧੇ ਐਥੇਫੋਨ ਦੇ ਘੋਲ ਵਿੱਚ ਡੁਬੋਣਾ ਮਨਜ਼ੂਰ ਨਹੀਂ ਹੈ।

16,730 ਲੀਟਰ ਡਿਟਰਜੈਂਟ ਵਾਲਾ ਦੁੱਧ ਨਸ਼ਟ

ਇਸੇ ਮੁਹਿੰਮ ਤਹਿਤ FDA ਦੇ ਪੁਣੇ ਡਿਵੀਜ਼ਨ ਨੇ ਮਾਲਸ਼ਿਰਸ ਖੇਤਰ ਵਿੱਚ ਦੋ ਡੇਅਰੀਆਂ ਖ਼ਿਲਾਫ਼ ਕਾਰਵਾਈ ਕੀਤੀ। ਪਿਲੀਵ ਸਥਿਤ ਦੋ ਡੇਅਰੀਆਂ ਤੋਂ ਲਏ ਗਏ ਦੁੱਧ ਦੇ ਨਮੂਨਿਆਂ ਵਿੱਚ ਡਿਟਰਜੈਂਟ ਦੀ ਮੌਜੂਦਗੀ ਮਿਲੀ। ਜਾਂਚ ਤੋਂ ਬਾਅਦ ਦੁੱਧ ਨੂੰ ਅਸੁਰੱਖਿਅਤ ਕਰਾਰ ਦਿੰਦਿਆਂ ਨਸ਼ਟ ਕਰ ਦਿੱਤਾ ਗਿਆ।

ਮਹਾਲਕਸ਼ਮੀ ਮਿਲਕ ਐਂਡ ਮਿਲਕ ਪ੍ਰੋਡਕਟਸ ਵਿੱਚੋਂ 3,05,360 ਰੁਪਏ ਦੀ ਕੀਮਤ ਵਾਲਾ 7,634 ਲੀਟਰ ਦੁੱਧ ਨਸ਼ਟ ਕੀਤਾ ਗਿਆ। ਇਸੇ ਤਰ੍ਹਾਂ ਡੇਲਿਵਿਸ਼ ਐਗਰੋ ਡੇਅਰੀ ਪ੍ਰੋਡਕਟ ਪ੍ਰਾਈਵੇਟ ਲਿਮਟਿਡ ਵਿੱਚੋਂ 3,63,840 ਰੁਪਏ ਦੀ ਕੀਮਤ ਵਾਲਾ 9,096 ਲੀਟਰ ਦੁੱਧ ਨਸ਼ਟ ਹੋਇਆ।

ਇਸ ਤਰ੍ਹਾਂ ਦੋਵਾਂ ਥਾਵਾਂ ਤੋਂ ਕੁੱਲ 16,730 ਲੀਟਰ ਦੁੱਧ, ਜਿਸ ਦੀ ਕੀਮਤ ਕਰੀਬ 6.69 ਲੱਖ ਰੁਪਏ ਸੀ, ਨਸ਼ਟ ਕੀਤਾ ਗਿਆ। ਦੋਵਾਂ ਮਾਮਲਿਆਂ ਵਿੱਚ ਸਬੰਧਤ ਕਾਨੂੰਨੀ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ।

ਗੁਟਖਾ ਤੇ ਤੰਬਾਕੂ ਉਤਪਾਦਾਂ ਖ਼ਿਲਾਫ਼ ਵੀ ਕਾਰਵਾਈ

FDA ਨੇ ਪਾਬੰਦੀਸ਼ੁਦਾ ਖੁਰਾਕੀ ਉਤਪਾਦਾਂ ਖ਼ਿਲਾਫ਼ ਵੀ ਵੱਖਰੀ ਮੁਹਿੰਮ ਚਲਾਈ। ਮੁੰਬਈ ਡਿਵੀਜ਼ਨ ਵੱਲੋਂ 30 ਸਤੰਬਰ ਤੋਂ 5 ਅਕਤੂਬਰ ਤੱਕ ਕੀਤੀ ਜਾਂਚ ਦੌਰਾਨ ਤਿੰਨ ਥਾਵਾਂ ਤੋਂ ਕਰੀਬ 31.14 ਲੱਖ ਰੁਪਏ ਦੇ ਗੁਟਖਾ ਅਤੇ ਤੰਬਾਕੂ ਉਤਪਾਦ ਜ਼ਬਤ ਕੀਤੇ ਗਏ। ਇਸ ਕਾਰਵਾਈ ਵਿੱਚ ਤਿੰਨ FIR ਦਰਜ ਹੋਈਆਂ ਅਤੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਕੋਂਕਣ ਡਿਵੀਜ਼ਨ ਨੇ ਪਾਲਘਰ ਵਿੱਚ ਪਾਬੰਦੀਸ਼ੁਦਾ ਤੰਬਾਕੂ ਉਤਪਾਦ ਲਿਜਾ ਰਹੇ ਦੋ ਵਾਹਨ ਵੀ ਕਬਜ਼ੇ ਵਿੱਚ ਲਏ। ਦਹਾਣੂ ਦੇ ਚਾਰੋਟੀ ਟੋਲ ਨਾਕੇ ਤੋਂ 43.5 ਲੱਖ ਰੁਪਏ ਦੇ ਉਤਪਾਦ ਅਤੇ 20 ਲੱਖ ਰੁਪਏ ਦਾ ਵਾਹਨ ਜ਼ਬਤ ਕੀਤਾ ਗਿਆ। ਵਸਈ ਦੇ ਖਾਦੀਨਾਵਡੇ ਟੋਲ ਨਾਕੇ ਤੋਂ 19.8 ਲੱਖ ਰੁਪਏ ਦਾ ਗੁਟਖਾ ਅਤੇ 15 ਲੱਖ ਰੁਪਏ ਦੀ ਕੀਮਤ ਵਾਲਾ ਵਾਹਨ ਜ਼ਬਤ ਹੋਇਆ।

ਇਸ ਮੁਹਿੰਮ ਵਿੱਚ ਕੁੱਲ 94.45 ਲੱਖ ਰੁਪਏ ਦੇ ਪਾਬੰਦੀਸ਼ੁਦਾ ਖੁਰਾਕੀ ਉਤਪਾਦ ਅਤੇ 35 ਲੱਖ ਰੁਪਏ ਦੇ ਵਾਹਨ ਜ਼ਬਤ ਕੀਤੇ ਗਏ। ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਤਿੰਨ FIR ਦਰਜ ਕੀਤੀਆਂ ਗਈਆਂ।

11 ਹੋਟਲਾਂ ਤੇ ਰੈਸਟੋਰੈਂਟਾਂ ’ਤੇ ਵੀ ਕਾਰਵਾਈ

FDA ਦੇ ਮੁੰਬਈ ਡਿਵੀਜ਼ਨ ਨੇ ਖਾਣ-ਪੀਣ ਦੀ ਗੁਣਵੱਤਾ, ਸਫ਼ਾਈ ਅਤੇ ਦਸਤਾਵੇਜ਼ਾਂ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ 11 ਹੋਟਲਾਂ ਅਤੇ ਖਾਣ-ਪੀਣ ਵਾਲੇ ਅਦਾਰਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ।

ਜਾਂਚ ਦੌਰਾਨ ਖਾਣੇ ਨੂੰ ਗਲਤ ਤਾਪਮਾਨ ’ਤੇ ਰੱਖਣਾ, ਮੱਖੀਆਂ ਅਤੇ ਹੋਰ ਕੀੜੇ, ਖੁੱਲ੍ਹੇ ਕੂੜੇਦਾਨ, ਬਿਨਾਂ ਢੱਕਿਆ ਭੋਜਨ, ਪੁਰਾਣੇ ਕਾਲੇ ਹੋ ਚੁੱਕੇ ਖਾਣਾ ਪਕਾਉਣ ਵਾਲੇ ਤੇਲ ਦੀ ਮੁੜ ਵਰਤੋਂ, ਨਾਨ-ਫੂਡ-ਗ੍ਰੇਡ ਪਲਾਸਟਿਕ ਦੀ ਵਰਤੋਂ ਅਤੇ ਕੀਟ ਕੰਟਰੋਲ ਦੀਆਂ ਕਮੀਆਂ ਵਰਗੀਆਂ ਉਲੰਘਣਾਵਾਂ ਸਾਹਮਣੇ ਆਈਆਂ।

ਇਸ ਤੋਂ ਇਲਾਵਾ ਕੁਝ ਥਾਵਾਂ ’ਤੇ ਫਰਸ਼ ਦੀ ਮਾੜੀ ਹਾਲਤ ਅਤੇ ਕਰਮਚਾਰੀਆਂ ਕੋਲ ਲੋੜੀਂਦੇ ਮੈਡੀਕਲ ਸਰਟੀਫਿਕੇਟ ਨਾ ਹੋਣ ਦੀਆਂ ਕਮੀਆਂ ਵੀ ਮਿਲੀਆਂ। ਕਾਰਵਾਈ ਕਰਦਿਆਂ 8 ਅਦਾਰਿਆਂ ਦੇ ਲਾਇਸੈਂਸ ਅਤੇ 3 ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਮੁਅੱਤਲ ਕਰ ਦਿੱਤੇ ਗਏ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments