Homeਟੈਕਨੋਲੌਜੀਈਥਾਨੌਲ ਬਾਲਣ ਬਾਰੇ ਵਾਇਰਲ ਦਾਅਵੇ ਗਲਤ: ਸਰਕਾਰ ਨੇ ਅਫਵਾਹਾਂ ਨੂੰ ਕੀਤਾ ਖਾਰਜ,...

ਈਥਾਨੌਲ ਬਾਲਣ ਬਾਰੇ ਵਾਇਰਲ ਦਾਅਵੇ ਗਲਤ: ਸਰਕਾਰ ਨੇ ਅਫਵਾਹਾਂ ਨੂੰ ਕੀਤਾ ਖਾਰਜ, ਇੰਜਣ ਨੁਕਸਾਨ ਦੀ ਕੋਈ ਰਿਪੋਰਟ ਨਹੀਂ

ਨਵੀਂ ਦਿੱਲੀ: ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਈਥਾਨੌਲ ਮਿਸ਼ਰਤ ਪੈਟਰੋਲ (E20) ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਅਫਵਾਹਾਂ ਅਤੇ ਗਲਤ ਜਾਣਕਾਰੀਆਂ ਨੂੰ ਸਖ਼ਤੀ ਨਾਲ ਖਾਰਜ ਕੀਤਾ ਹੈ। ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਪੈਟਰੋਲ ਵਿੱਚ ਈਥਾਨੌਲ ਮਿਲਾਉਣਾ ਇੱਕ ਵਿਗਿਆਨਕ ਅਤੇ ਅੰਤਰਰਾਸ਼ਟਰੀ ਤੌਰ ‘ਤੇ ਪ੍ਰਮਾਣਿਤ ਪ੍ਰਕਿਰਿਆ ਹੈ, ਜਿਸਦੀ ਲਗਾਤਾਰ ਨਿਗਰਾਨੀ ਕੀਤੀ ਜਾਂਦੀ ਹੈ।

ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਹਾਲ ਹੀ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ, ਜਿਸ ਵਿੱਚ ਵਾਹਨ ਦੇ ਫਿਊਲ ਟੈਂਕ ਨੇੜੇ ਕੀੜੀਆਂ ਦਿਖਾਈਆਂ ਗਈਆਂ ਸਨ। ਵੀਡੀਓ ਦੇ ਆਧਾਰ ‘ਤੇ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਪੈਟਰੋਲ ਵਿੱਚ ਗੰਨੇ ਦਾ ਰਸ ਜਾਂ ਖੰਡ ਮਿਲਾਈ ਜਾ ਰਹੀ ਹੈ, ਜਿਸ ਕਾਰਨ ਕੀੜੀਆਂ ਇਕੱਠੀਆਂ ਹੋ ਰਹੀਆਂ ਹਨ। ਸਰਕਾਰ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਗਲਤ ਅਤੇ ਭਰਮਕ ਦੱਸਿਆ ਹੈ।

ਮੰਤਰਾਲੇ ਨੇ ਕਿਹਾ ਕਿ ਈਥਾਨੌਲ ਇੱਕ ਪ੍ਰੋਸੈਸ ਕੀਤਾ ਹੋਇਆ ਬਾਇਓ-ਫਿਊਲ ਹੈ ਅਤੇ ਇਸ ਵਿੱਚ ਕਿਸੇ ਵੀ ਕਿਸਮ ਦੀ ਖੰਡ ਮੌਜੂਦ ਨਹੀਂ ਹੁੰਦੀ। ਇਸ ਲਈ ਕੀੜੀਆਂ ਦੇ ਆਉਣ ਨੂੰ ਈਥਾਨੌਲ ਮਿਸ਼ਰਤ ਪੈਟਰੋਲ ਨਾਲ ਜੋੜਨਾ ਵਿਗਿਆਨਕ ਤੌਰ ‘ਤੇ ਗਲਤ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਲੋਕ ਪੁਰਾਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਨਵੇਂ ਦਾਅਵਿਆਂ ਨਾਲ ਜੋੜ ਕੇ ਜਨਤਾ ਵਿੱਚ ਭੰਬਲਭੂਸਾ ਫੈਲਾ ਰਹੇ ਹਨ।

ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਕਿ E20 ਪੈਟਰੋਲ ਦੀ ਵਰਤੋਂ ਨਾਲ ਇੰਜਣ ਨੂੰ ਨੁਕਸਾਨ ਹੋਣ ਬਾਰੇ ਹੁਣ ਤੱਕ ਕੋਈ ਅਧਿਕਾਰਤ ਰਿਪੋਰਟ ਸਾਹਮਣੇ ਨਹੀਂ ਆਈ ਹੈ। ਮੰਤਰਾਲੇ ਅਨੁਸਾਰ ਵਾਹਨ ਨਿਰਮਾਤਾ ਕੰਪਨੀਆਂ ਵੀ E20 ਅਨੁਕੂਲ ਇੰਜਣਾਂ ਨੂੰ ਉਤਸ਼ਾਹਿਤ ਕਰ ਰਹੀਆਂ ਹਨ ਅਤੇ ਇਸ ਬਾਲਣ ਦੀ ਵਰਤੋਂ ਨਾਲ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਵਿੱਚ ਵੀ ਕਮੀ ਆਉਂਦੀ ਹੈ।

ਮਾਹਿਰਾਂ ਮੁਤਾਬਕ ਈਥਾਨੌਲ ਮਿਸ਼ਰਤ ਪੈਟਰੋਲ ਦੇਸ਼ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਕੱਚੇ ਤੇਲ ਦੀ ਦਰਾਮਦ ‘ਤੇ ਨਿਰਭਰਤਾ ਘਟਾਉਣ ਵਿੱਚ ਮਦਦ ਕਰਦਾ ਹੈ। ਇਸ ਨਾਲ ਕਿਸਾਨਾਂ ਨੂੰ ਵੀ ਲਾਭ ਮਿਲਦਾ ਹੈ ਕਿਉਂਕਿ ਬਾਇਓ-ਫਿਊਲ ਉਤਪਾਦਨ ਲਈ ਖੇਤੀਬਾੜੀ ਨਾਲ ਜੁੜੇ ਸਰੋਤਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਅਪੁਸ਼ਟ ਜਾਣਕਾਰੀਆਂ ‘ਤੇ ਵਿਸ਼ਵਾਸ ਕਰਨ ਦੀ ਬਜਾਏ ਅਧਿਕਾਰਤ ਸਰੋਤਾਂ ਤੋਂ ਹੀ ਜਾਣਕਾਰੀ ਪ੍ਰਾਪਤ ਕਰਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments