ਮੁੰਬਈ : ਬਾਲੀਵੁੱਡ ਦੇ ਦਿੱਗਜ ਅਦਾਕਾਰ ਪੰਕਜ ਤ੍ਰਿਪਾਠੀ ਦੀ ਮਾਂ ਸ਼੍ਰੀਮਤੀ ਹੇਮਵੰਤੀ ਦੇਵੀ ਦਾ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਪੰਕਜ ਤ੍ਰਿਪਾਠੀ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਅਕਸਰ ਇੰਟਰਵਿਊਆਂ ਵਿੱਚ ਉਨ੍ਹਾਂ ਦਾ ਜ਼ਿਕਰ ਕਰਦੇ ਸਨ। ਹੇਮਵੰਤੀ ਦੇਵੀ ਦੀ ਤਬੀਅਤ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਸੀ ਅਤੇ ਉਹ ਵੱਧਦੀ ਉਮਰ ਕਰਕੇ ਹੋਣ ਵਾਲੀਆਂ ਮੁਸ਼ਕਲਾਂ ਤੋਂ ਪਰੇਸ਼ਾਨ ਸਨ। ਪੰਕਜ ਤ੍ਰਿਪਾਠੀ ਦੀ ਮਾਂ ਨੇ ਬਿਹਾਰ ਦੇ ਗੋਪਾਲਗੰਜ ਸਥਿਤ ਉਨ੍ਹਾਂ ਦੇ ਪਿੰਡ ਵਿੱਚ ਹੀ ਪਰਿਵਾਰ ਅਤੇ ਪਿਆਰਿਆਂ ਦੇ ਵਿਚਕਾਰ ਆਖਰੀ ਸਾਹ ਲਿਆ।
ਆਖਰੀ ਪਲਾਂ ਦੌਰਾਨ ਆਪਣੀ ਮਾਂ ਦੇ ਨਾਲ ਸਨ ਪੰਕਜ ਤ੍ਰਿਪਾਠੀ
ਪੰਕਜ ਤ੍ਰਿਪਾਠੀ ਆਪਣੀ ਮਾਂ ਦੇ ਆਖ਼ਰੀ ਪਲਾਂ ਵਿੱਚ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ 1 ਨਵੰਬਰ 2025 ਨੂੰ ਬੇਸਲੰਡ ਵਿੱਚ ਪਰਿਵਾਰ ਅਤੇ ਪਿਆਰਿਆਂ ਦੀ ਮੌਜੂਦਗੀ ਵਿੱਚ ਕੀਤਾ ਗਿਆ। ਪੰਕਜ ਤ੍ਰਿਪਾਠੀ ਨੇ ਇੱਕ ਬਿਆਨ ਜਾਰੀ ਕਰਦਿਆਂ ਮੀਡੀਆ ਅਤੇ ਬਾਕੀ ਲੋਕਾਂ ਨੂੰ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਪ੍ਰਾਈਵੇਸੀ ਦੇਣ ਦੀ ਗੱਲ ਆਖੀ ਹੈ। ਪੰਕਜ ਤ੍ਰਿਪਾਠੀ ਨੇ ਆਖਿਆ ਕਿ ਅਸੀਂ ਸਭ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਆਪਣੀਆਂ ਅਰਦਾਸਾਂ ਵਿੱਚ ਯਾਦ ਰੱਖਣ। ਅਸੀਂ ਮੀਡੀਆ ਅਤੇ ਸ਼ੁਭਚਿੰਤਕਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਸਾਡੀ ਨਿੱਜਤਾ ਦਾ ਸਤਿਕਾਰ ਕਰਨ।
ਹਮੇਸ਼ਾ ਸਾਡੇ ਨਾਲ ਰਹਿਣਗੀਆਂ ਉਨ੍ਹਾਂ ਦੀਆਂ ਯਾਦਾਂ
ਪੰਕਜ ਤ੍ਰਿਪਾਠੀ ‘ਤੇ ਜਿੱਥੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉੱਥੇ ਹੀ ਉਨ੍ਹਾਂ ਦੇ ਫੈਨਜ਼ ਸੋਸ਼ਲ ਮੀਡੀਆ ‘ਤੇ ਅਦਾਕਾਰ ਨੂੰ ਸਪੋਰਟ ਕਰਦੇ ਅਤੇ ਉਨ੍ਹਾਂ ਦੀ ਮਾਂ ਨੂੰ ਸ਼ਰਧਾਂਜਲੀ ਦਿੰਦੇ ਨਜ਼ਰ ਆਏ। ਢੇਰ ਸਾਰੇ ਫਾਲੋਅਰਜ਼ ਨੇ ਇੰਟਰਨੈੱਟ ‘ਤੇ ਪੰਕਜ ਤ੍ਰਿਪਾਠੀ ਨੂੰ ਹੌਸਲਾ ਰੱਖਣ ਲਈ ਕਿਹਾ ਹੈ। ਪੰਕਜ ਤ੍ਰਿਪਾਠੀ ਨੇ ਆਪਣੀ ਮਾਂ ਨੂੰ ਯਾਦ ਕਰਦਿਆਂ ਕਿਹਾ- ਉਨ੍ਹਾਂ ਨੇ ਇੱਕ ਲੰਬਾ ਅਤੇ ਸੰਪੂਰਨ ਜੀਵਨ ਬਤੀਤ ਕੀਤਾ, ਅਤੇ ਉਨ੍ਹਾਂ ਦੇ ਆਸ਼ੀਰਵਾਦ ਅਤੇ ਯਾਦਾਂ ਹਮੇਸ਼ਾ ਸਾਡੇ ਨਾਲ ਰਹਿਣਗੀਆਂ।”
