ਲੁਧਿਆਣਾ: ਵਰਧਮਾਨ ਗਰੁੱਪ ਦੇ ਚੇਅਰਮੈਨ ਐੱਸ.ਪੀ. ਓਸਵਾਲ ਨਾਲ 7 ਕਰੋੜ ਰੁਪਏ ਦੀ ਕਥਿਤ ਡਿਜੀਟਲ ਗ੍ਰਿਫ਼ਤਾਰੀ ਠੱਗੀ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੱਡੀ ਕਾਰਵਾਈ ਕੀਤੀ ਹੈ। ਈਡੀ ਦੇ ਜਲੰਧਰ ਜ਼ੋਨਲ ਦਫ਼ਤਰ ਨੇ ਸੋਹੇਲ ਅਖ਼ਤਰ ਉਰਫ਼ ਰਾਜੂ ਨੂੰ ਕੋਲਕਾਤਾ ਤੋਂ ਗ੍ਰਿਫ਼ਤਾਰ ਕੀਤਾ ਹੈ। ਏਜੰਸੀ ਮੁਤਾਬਕ ਉਸ ਦੀ ਕਥਿਤ ਭੂਮਿਕਾ ਮਾਮਲੇ ਵਿੱਚ ਮੁੱਖ ਹੈਂਡਲਰ ਵਜੋਂ ਸਾਹਮਣੇ ਆਈ ਹੈ।
ਈਡੀ ਮੁਤਾਬਕ ਅਖ਼ਤਰ ਨੂੰ 28 ਸਤੰਬਰ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਤਹਿਤ ਗ੍ਰਿਫ਼ਤਾਰ ਕੀਤਾ ਗਿਆ। ਕੋਲਕਾਤਾ ਦੀ ਅਦਾਲਤ ਤੋਂ ਟਰਾਂਜ਼ਿਟ ਰਿਮਾਂਡ ਮਿਲਣ ਤੋਂ ਬਾਅਦ ਉਸ ਨੂੰ ਜਲੰਧਰ ਲਿਆਂਦਾ ਗਿਆ। ਜਲੰਧਰ ਦੀ ਵਿਸ਼ੇਸ਼ PMLA ਅਦਾਲਤ ਨੇ ਉਸ ਨੂੰ 6 ਅਕਤੂਬਰ ਤੱਕ ਈਡੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਹੁਣ ਏਜੰਸੀ ਉਸ ਦੀ ਕਥਿਤ ਭੂਮਿਕਾ ਅਤੇ ਪੈਸਿਆਂ ਦੇ ਮਨੀ ਟ੍ਰੇਲ ਦੀ ਜਾਂਚ ਕਰ ਰਹੀ ਹੈ।
ਮਾਮਲਾ ਅਗਸਤ 2023 ਦਾ ਹੈ। ਜਾਂਚ ਮੁਤਾਬਕ ਠੱਗਾਂ ਨੇ ਆਪਣੇ ਆਪ ਨੂੰ CBI ਅਧਿਕਾਰੀ ਦੱਸ ਕੇ ਐੱਸ.ਪੀ. ਓਸਵਾਲ ਨੂੰ ਡਿਜੀਟਲ ਗ੍ਰਿਫ਼ਤਾਰੀ ਦੇ ਨਾਂ ’ਤੇ ਡਰਾਇਆ ਅਤੇ ਉਨ੍ਹਾਂ ਤੋਂ 7 ਕਰੋੜ ਰੁਪਏ ਵੱਖ-ਵੱਖ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰਵਾਏ। ਈਡੀ ਨੇ ਲੁਧਿਆਣਾ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਦਰਜ FIR ਦੇ ਆਧਾਰ ’ਤੇ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ ਸੀ। ਇਸ ਜਾਂਚ ਵਿੱਚ ਇਸੇ ਗਿਰੋਹ ਨਾਲ ਜੁੜੇ 9 ਹੋਰ ਸਾਈਬਰ ਕ੍ਰਾਈਮ ਮਾਮਲੇ ਵੀ ਸ਼ਾਮਲ ਕੀਤੇ ਗਏ।
ਈਡੀ ਦੇ ਅਨੁਸਾਰ ਠੱਗੀ ਦੀ ਰਕਮ ਪਹਿਲਾਂ ਕੁਝ ਕੰਪਨੀਆਂ ਦੇ ਬੈਂਕ ਖਾਤਿਆਂ ਵਿੱਚ ਪਾਈ ਜਾਂਦੀ ਸੀ ਅਤੇ ਫਿਰ ਕਈ ਪੱਧਰਾਂ ’ਤੇ ਵੱਖ-ਵੱਖ ਖਾਤਿਆਂ ਵਿੱਚ ਭੇਜੀ ਜਾਂਦੀ ਸੀ। ਏਜੰਸੀ ਦਾ ਦਾਅਵਾ ਹੈ ਕਿ ਅਖ਼ਤਰ ਲੋਕਾਂ ਨੂੰ ਭਰਤੀ ਕਰਨ ਅਤੇ ਵਿਅਕਤੀਆਂ ਤੇ ਕੰਪਨੀਆਂ ਦੇ ਕਥਿਤ ਫ਼ਰਜ਼ੀ ਬੈਂਕ ਖਾਤੇ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਸੀ। ਰਕਮ ਨੂੰ ਤੇਜ਼ੀ ਨਾਲ ਅੱਗੇ ਭੇਜਣ ਲਈ APK ਐਪਲੀਕੇਸ਼ਨਾਂ ਅਤੇ ਹੋਰ ਡਿਜੀਟਲ ਸਾਧਨਾਂ ਦੀ ਵਰਤੋਂ ਕੀਤੇ ਜਾਣ ਦੀ ਗੱਲ ਵੀ ਜਾਂਚ ਵਿੱਚ ਸਾਹਮਣੇ ਆਈ ਹੈ।
ਈਡੀ ਮੁਤਾਬਕ ਇਸ ਕੇਸ ਵਿੱਚ ਪਹਿਲਾਂ ਵੀ ਕਾਰਵਾਈ ਹੋ ਚੁੱਕੀ ਹੈ ਅਤੇ ਰੁਮੀ ਕਲਿਤਾ ਤੇ ਅਰਪਿਤ ਰਾਠੌਰ ਸਮੇਤ ਕੁਝ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਏਜੰਸੀ ਨੇ ਮਾਮਲੇ ਵਿੱਚ 1.76 ਕਰੋੜ ਰੁਪਏ ਦੀ ਜਾਇਦਾਦ ਵੀ ਕੁਰਕ ਕੀਤੀ ਹੈ ਅਤੇ ਪਹਿਲਾਂ ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ਼ ਅਦਾਲਤ ਵਿੱਚ ਸ਼ਿਕਾਇਤ ਦਾਇਰ ਕੀਤੀ ਜਾ ਚੁੱਕੀ ਹੈ।












