ਅਮਰੀਕਾ : ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ 23 ਤੋਂ 26 ਮਈ ਤੱਕ ਭਾਰਤ ਦਾ ਚਾਰ ਦਿਨਾਂ ਦੌਰਾ ਕਰਨਗੇ। ਇਸਦਾ ਉਦੇਸ਼ ਵਪਾਰ, ਰੱਖਿਆ ਅਤੇ ਊਰਜਾ ਵਰਗੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ। ਇਹ ਰੂਬੀਓ ਦੀ ਪਹਿਲੀ ਭਾਰਤੀ ਯਾਤਰਾ ਹੋਵੇਗੀ।
ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਗੋਟ ਨੇ ਕਿਹਾ, ” ਵਿਦੇਸ਼ ਮੰਤਰੀ ਰੂਬੀਓ 23 ਤੋਂ 26 ਮਈ ਤੱਕ ਭਾਰਤ ਦਾ ਦੌਰਾ ਕਰਨਗੇ, ਜਿੱਥੇ ਉਹ ਕੋਲਕਾਤਾ, ਆਗਰਾ, ਜੈਪੁਰ ਅਤੇ ਨਵੀਂ ਦਿੱਲੀ ਜਾਉਣਗੇ।” ਪਿਗੋਟ ਨੇ ਦੱਸਿਆ ਕਿ ਵਿਦੇਸ਼ ਮੰਤਰੀ ਸੀਨੀਅਰ ਭਾਰਤੀ ਅਧਿਕਾਰੀਆਂ ਨਾਲ ਮੀਟਿੰਗਾਂ ਦੌਰਾਨ ਊਰਜਾ, ਸੁਰੱਖਿਆ, ਵਪਾਰ ਅਤੇ ਰੱਖਿਆ ਸਹਿਯੋਗ ‘ਤੇ ਚਰਚਾ ਕਰਨਗੇ। ਰੂਬੀਓ 22 ਮਈ ਨੂੰ ਸਵੀਡਨ ਵਿੱਚ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲੈਣਗੇ, ਜਿਸ ਤੋਂ ਬਾਅਦ ਉਹ ਭਾਰਤ ਦੀ ਯਾਤਰਾ ’ਤੇ ਰਵਾਨਾ ਹੋਣਗੇ।
ਕੀ ਹੈ ਦੌਰੇ ਦਾ ਮੁੱਖ ਏਜੰਡਾ?
ਇਸ ਦੌਰੇ ‘ਤੇ ਵਪਾਰ ਸਭ ਤੋਂ ਵੱਡਾ ਮੁੱਦਾ ਹੋਣ ਦੀ ਉਮੀਦ ਹੈ। ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਪੈਦਾ ਹੋਏ ਤਣਾਅ ਤੋਂ ਬਾਅਦ, ਦੋਵੇਂ ਦੇਸ਼ ਇਸ ਸਾਲ ਦੀ ਸ਼ੁਰੂਆਤ ਵਿੱਚ ਦੋਵੇ ਦੇਸ਼ ਇੱਕ ਵਪਾਰਕ ਸਮਝੌਤੇ ਦੇ ਨੇੜੇ ਆ ਗਏ ਸਨ। ਫਰਵਰੀ ਵਿੱਚ, ਦੋਵੇਂ ਦੇਸ਼ ਟੈਰਿਫ ਹਟਾਉਣ ਅਤੇ ਵਪਾਰ ਸਮਝੌਤੇ ‘ਤੇ ਕੰਮ ਕਰਨ ਲਈ ਸਹਿਮਤ ਹੋਏ ਸਨ। ਇਸ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਇੱਕ ਭਾਰਤੀ ਵਫ਼ਦ ਦੇ ਅਮਰੀਕਾ ਆਉਣ ‘ਤੇ ਹੁਣ ਚਰਚਾ ਚੱਲ ਰਹੀ ਹੈ।
ਰੱਖਿਆ ਅਤੇ ਰਣਨੀਤਕ ਭਾਈਵਾਲੀ ਏਜੰਡੇ ‘ਤੇ ਉੱਚ ਪੱਧਰ ‘ਤੇ ਹੋਵੇਗੀ। ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਹਾਲ ਹੀ ਵਿੱਚ ਕਵਾਡ, ਰੱਖਿਆ ਸਹਿਯੋਗ ਅਤੇ ਮਹੱਤਵਪੂਰਨ ਖਣਿਜਾਂ ਨੂੰ ਲੈ ਕੇ ਗੱਲ ਬਾਤ ਹੋਈ ਹੈ।
ਨਵੀਂ ਦਿੱਲੀ ਵਿੱਚ ਕਵਾਡ ਸੰਮੇਲਨ
ਅਗਲੇ ਹਫ਼ਤੇ, ਭਾਰਤ ਨਵੀਂ ਦਿੱਲੀ ਵਿੱਚ ਕਵਾਡ ਵਿਦੇਸ਼ ਮੰਤਰੀਆਂ ਦੇ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਇਸ ਗੱਠਜੋੜ ਵਿੱਚ ਭਾਰਤ, ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਸ਼ਾਮਲ ਹਨ। ਜਾਣਕਾਰੀ ਦੇ ਅਨੁਸਾਰ, ਇਸ ਮੀਟਿੰਗ ਵਿੱਚ ਪੱਛਮੀ ਏਸ਼ੀਆ (ਮੱਧ ਪੂਰਬ) ਸੰਕਟ ਦੇ ਪ੍ਰਭਾਵ ਸਮੇਤ ਵਿਸ਼ਵਵਿਆਪੀ ਚਿੰਤਾਵਾਂ ਦੀ ਸਮੀਖਿਆ ਕੀਤੇ ਜਾਣ ਦੀ ਸੰਭਾਵਨਾ ਹੈ ਇਸ ਵਿੱਚ ਜਾਪਾਨੀ ਵਿਦੇਸ਼ ਮੰਤਰੀ ਮੋਟੇਗੀ ਤੋਸ਼ੀਮਿਤਸੁ ਅਤੇ ਆਸਟ੍ਰੇਲੀਆਈ ਵਿਦੇਸ਼ ਮੰਤਰੀ ਪੈਨੀ ਵੋਂਗ ਸ਼ਾਮਲ ਹੋਣਗੇ।











